ਭਾਰਤ ਬਨਾਮ ਵੈਸਟਇੰਡੀਜ਼ : ਭਾਰਤ ਨੇ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਸੀਰੀਜ਼ ਤੇ ਕੀਤਾ ਕਬਜਾ
ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ) ਭਾਰਤ ਨੇ ਵੈਸਟਇੰਡੀਜ਼ ਨੂੰ 200 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਸ਼ਾਰਦੁਲ ਠਾਕੁਰ ਨੇ ਜੈਡਨ ਸੇਲਜ਼ ਨੂੰ ਇਕ ਦੌੜ ‘ਤੇ ਆਊਟ ਕਰਕੇ ਵੈਸਟਇੰਡੀਜ਼ ਦੀ ਪਾਰੀ ਦਾ ਅੰਤ ਕੀਤਾ। 352 ਦੌੜਾਂ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 151 ਦੌੜਾਂ ਹੀ ਬਣਾ ਸਕੀ ਅਤੇ 200 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਨੇ ਇਸ ਸੀਰੀਜ਼ ਦਾ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਦੂਜਾ ਮੈਚ ਛੇ ਵਿਕਟਾਂ ਨਾਲ ਜਿੱਤ ਕੇ ਬਰਾਬਰੀ ਕਰ ਲਈ ਸੀ। ਭਾਰਤ ਨੇ ਤੀਜਾ ਮੈਚ 200 ਦੌੜਾਂ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ।
ਇਸ ਮੈਚ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ‘ਤੇ 351 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 85 ਅਤੇ ਈਸ਼ਾਨ ਕਿਸ਼ਨ ਨੇ 77 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਨੇ ਅਜੇਤੂ 70 ਅਤੇ ਸੰਜੂ ਸੈਮਸਨ ਨੇ 51 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਰੋਮੀਓ ਸ਼ੈਫਰਡ ਨੇ ਦੋ ਵਿਕਟਾਂ ਲਈਆਂ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ 151 ਦੌੜਾਂ ਹੀ ਬਣਾ ਸਕੀ। ਗੁਡਾਕੇਸ਼ ਮੋਤੀ ਨੇ ਸਭ ਤੋਂ ਵੱਧ ਨਾਬਾਦ 39 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੇ ਸੱਤ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਭਾਰਤ ਲਈ ਸ਼ਾਰਦੁਲ ਠਾਕੁਰ ਨੇ ਚਾਰ ਅਤੇ ਮੁਕੇਸ਼ ਕੁਮਾਰ ਨੇ ਤਿੰਨ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ ਦੋ ਅਤੇ ਜੈਦੇਵ ਉਨਾਦਕਟ ਨੂੰ ਇੱਕ ਵਿਕਟ ਮਿਲੀ।