ਭਾਰਤ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ‘ਚ ਹਰਾਇਆ
ਸੀਰੀਜ਼ ‘ਚ 1-0 ਦੀ ਬੜ੍ਹਤ
ਚੰਡੀਗੜ੍ਹ, 19 ਜਨਵਰੀ (ਵਿਸ਼ਵ ਵਾਰਤਾ) ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਵਨਡੇ ‘ਚ ਹਰਾ ਦਿੱਤਾ ਹੈ। ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਦੇ ਦਮ ‘ਤੇ ਟੀਮ ਇੰਡੀਆ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾਇਆ। ਨਿਊਜ਼ੀਲੈਂਡ ਲਈ ਮਾਈਕਲ ਬ੍ਰੇਸਵੇਲ ਨੇ 78 ਗੇਂਦਾਂ ‘ਤੇ 140 ਦੌੜਾਂ ਦੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਈ ਹੈ।
ਹੈਦਰਾਬਾਦ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 8 ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ। ਉਹਨਾਂ ਨੇ 149 ਗੇਂਦਾਂ ‘ਚ 208 ਦੌੜਾਂ ਬਣਾਈਆਂ। ਇਸ ਦੇ ਖਿਲਾਫ ਨਿਊਜ਼ੀਲੈਂਡ ਨੇ 49.2 ਓਵਰਾਂ ‘ਚ 337 ਦੌੜਾਂ ਬਣਾਈਆਂ। ਮਾਈਕਲ ਬ੍ਰੇਸਵੇਲ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ।