ਭਾਰਤ ਨੇ ਚੌਥੀ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਕੀਤਾ ਪ੍ਰਵੇਸ਼
ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾਇਆ
ਮੁਹੰਮਦ ਸ਼ੰਮੀ ਨੇ ਕੀਤੀ ਜਬਰਦਸਤ ਗੇਂਦਬਾਜ਼ੀ – ਲਈਆਂ 7 ਵਿਕਟਾਂ
ਵਿਰਾਟ ਤੇ ਅਈਅਰ ਨੇ ਵੀ ਜੜੇ ਸੈਂਕੜੇ
ਚੰਡੀਗੜ੍ਹ,16ਨਵੰਬਰ(ਵਿਸ਼ਵ ਵਾਰਤਾ)ਬੀਤੇ ਦਿਨ ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੱਸਣਯੋਗ ਹੈ ਕਿ ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 1983, 2003 ਅਤੇ 2011 ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਹੋਏ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 50ਵਾਂ ਵਨਡੇ ਸੈਂਕੜਾ ਲਗਾਇਆ ਅਤੇ 117 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ ‘ਚ 327 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਰਿਲ ਮਿਸ਼ੇਲ ਨੇ 134 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਜਬਰਦਸਤ ਗੇਂਦਬਾਜ਼ੀ ਕਰਦਿਆਂ 7 ਵਿਕਟਾਂ ਲਈਆਂ। ਉਹ ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਵੀ ਰਹੇ। ਸ਼ੰਮੀ ਦੀ ਇਸ ਉਪਲਬਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਤਾਰੀਫ਼ ਕੀਤੀ ਹੈ।
https://x.com/narendramodi/status/1724835978970349721?s=20
ਦੱਸ ਦਈਏ ਕਿ ਅੱਜ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਖੇਡਿਆ ਜਾਵੇਗਾ। ਇਹ ਮੈਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ, ਜੋ ਆਪਣੇ ਪਹਿਲੇ ਵਿਸ਼ਵ ਖਿਤਾਬ ਦੀ ਭਾਲ ਕਰ ਰਹੀ ਹੈ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ। ਦੱਸਣਯੋਗ ਹੈ ਕਿ ਆਸਟਰੇਲੀਆ 9ਵੀਂ ਵਾਰ ਅਤੇ ਦੱਖਣੀ ਅਫਰੀਕਾ 5ਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੇਗਾ। ਦੱਖਣੀ ਅਫਰੀਕਾ ਇੱਕ ਵਾਰ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਹੈ। ਦੋਵੇਂ ਟੀਮਾਂ ਟੂਰਨਾਮੈਂਟ ਦੇ ਇਤਿਹਾਸ ‘ਚ ਤੀਜੀ ਵਾਰ ਸੈਮੀਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ, ਇਸ ਤੋਂ ਪਹਿਲਾਂ ਦੋਵੇਂ 1999 ਅਤੇ 2007 ‘ਚ ਵੀ ਨਾਕਆਊਟ ‘ਚ ਆਹਮੋ-ਸਾਹਮਣੇ ਹੋਏ ਸਨ। ਆਸਟ੍ਰੇਲੀਆ ਦੋਵੇਂ ਵਾਰ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ 8 ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਖੇਡੇ ਹਨ, ਤੇ ਅੱਜ ਟੀਮ 9ਵੀਂ ਵਾਰ ਸੈਮੀਫਾਈਨਲ ਖੇਡੇਗੀ। ਅੱਠ ਮੈਚਾਂ ਵਿੱਚ ਟੀਮ ਸਿਰਫ਼ ਇੱਕ ਵਾਰ ਹਾਰੀ ਅਤੇ ਬਾਕੀ ਛੇ ਵਿੱਚ ਜਿੱਤ ਦਰਜ ਕੀਤੀ। ਇੱਕ ਮੈਚ ਵੀ ਟਾਈ ਰਿਹਾ ਪਰ ਅੰਕ ਸੂਚੀ ਵਿੱਚ ਬਿਹਤਰ ਸਥਿਤੀ ਕਾਰਨ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੂਜੇ ਪਾਸੇ ਦੱਖਣੀ ਅਫਰੀਕਾ ਨੇ 4 ਸੈਮੀਫਾਈਨਲ ਖੇਡੇ ਹਨ, 3 ਹਾਰੇ ਅਤੇ ਇਕ ਮੈਚ ਟਾਈ ਰਿਹਾ। ਟਾਈ ਮੈਚ 1999 ‘ਚ ਹੀ ਆਸਟ੍ਰੇਲੀਆ ਖਿਲਾਫ ਹੋਇਆ ਸੀ, ਜਦੋਂ ਦੱਖਣੀ ਅਫਰੀਕਾ ਨੂੰ ਅੰਕ ਸੂਚੀ ਕਾਰਨ ਫਾਈਨਲ ‘ਚ ਜਗ੍ਹਾ ਨਹੀਂ ਮਿਲੀ ਸੀ।