ਚੰਡੀਗੜ੍ਹ/ਗੁਰਦਾਸਪੁਰ, 2 ਅਕਤੂਬਰ (ਵਿਸ਼ਵ ਵਾਰਤਾ)-ਅੱਜ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਮਾਨ ਫਾਰਮ ਬਟਾਲਾ ਵਿਖੇ ਕਿਸਾਨਾਂ ਡੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ | ਇਹ ਮੀਟਿੰਗ ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਬੀ ਕੇ ਯੂ ਦੇ ਰਾਸ਼ਟਰੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ | ਇਸ ਮੀਟਿੰਗ ਵਿੱਚ ਸ਼੍ਰੀ ਜਾਖੜ ਤੋਂ ਇਲਾਵਾ ਕਾਂਗਰਸ ਦੇ ਬਾਕੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਐਮ ਐਲ ਏ ਡੇਰਾ ਬਾਬਾ ਨਾਨਕ, ਸ਼੍ਰੀ ਵਿਜੇ ਇੰਦਰ ਸਿੰਗਲਾ ਸਾਬਕਾ ਐਮ ਐਲ ਏ, ਹਰਪ੍ਰਤਾਪ ਅਜਨਾਲਾ ਐਮ ਐਲ ਏ, ਲਖਵੀਰ ਸਿੰਘ ਲੱਖਾ ਐਮ ਐਲ ਏ, ਅਸ਼ਵਨੀ ਸੇਖੜੀ ਸਾਬਕਾ ਐਮ ਐਲ ਏ, ਆਦਿ ਵੀ ਪਹੁੰਚੇ |
ਪੰਜਾਬ ਬੀ ਕੇ ਯੂ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਆਏ ਲੀਡਰਾਂ ਦਾ ਸਵਾਗਤ ਕੀਤਾ ਅਤੇ ਯੂਨੀਅਨ ਵੱਲੋਂ ਸ਼੍ਰੀ ਜਾਖੜ ਦੀ ਪੁਰਜ਼ੋਰ ਮਦਦ ਕਰਨ ਦਾ ਭਰੋਸਾ ਦਿਵਾਇਆ | ਇਸ ਤੋਂ ਇਲਾਵਾ ਭੁਪਿੰਦਰ ਸਿੰਘ ਮਾਨ ਨੇ ਕਿਸਾਨੀ ਮਸਲਿਆਂ ਵੱਲ ਧਿਆਨ ਦਿਵਾਉਂਦਿਆਂ ਹੋਇਆਂ ਇਹਨਾਂ ਵੱਲ ਧਿਆਨ ਦੇਣ ਬਾਰੇ ਕਿਹਾ |
ਸ਼੍ਰੀ ਜਾਖੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਲੋਕ ਸਭਾ ਵਿੱਚ ਪੁਰਜ਼ੋਰ ਤਰੀਕੇ ਨਾਲ ਉਠਾਉਣਗੇ ਅਤੇ ਇਹਨਾਂ ਦੇ ਹੱਲ ਲਈ ਪੂਰੀ ਤਰਾਂ ਨਾਲ ਯਤਨਸ਼ੀਲ ਰਹਿਣਗੇ |ਉਹਨਾਂ ਕਿਹਾ ਕਿ ਉਹ ਖੁਦ ਕਿਸਾਨ ਹਨ ਇਸ ਲਈ ਕਿਸਾਨੀ ਸਮੱਸਿਆਵਾਂ ਨੂੰ ਚੰਗੀ ਤਰਾਂ ਜਾਣਦੇ ਹਨ | ਉਹਨਾਂ ਕੇਂਦਰ ਵਿੱਚ ਬੀ ਜੇ ਪੀ ਸਰਕਾਰ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜਣ ਦਾ ਜਿਕਰ ਕਰਦਿਆਂ ਕਿਹਾ ਕਿ ਅਗਰ ਉਹਨਾਂ ਨੂੰ ਲੋਕ ਸਭਾ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਕਿਸਾਨਾਂ ਨਾਲ ਕੀਤੇ ਵਾਅਦਿਆਂ ਬਾਰੇ ਪ੍ਰਧਾਨ ਮੰਤਰੀ ਅਤੇ ਸਮੁੱਚੀ ਕੇਂਦਰ ਸਰਕਾਰ ਤੇ ਇਸ ਬਾਰੇ ਦਬਾ ਪਾਉਣਗੇ ਤਾਂ ਜੋ ਕਿਸਾਨ ਨਾਲ ਕੋਈ ਵਾਅਦਾ ਖ਼ਿਲਾਫ਼ੀ ਨਾਂ ਹੋ ਸਕੇ |
ਇਸ ਮੀਟਿੰਗ ਵਿੱਚ ਗੁਰਬਚਨ ਸਿੰਘ ਬਾਜਵਾ ਜਨ ਸਕੱਤਰ ਪੰਜਾਬ, ਸੁਜਾਨਪੁਰ ਹਲਕੇ ਤੋਂ ਠਾਕਰ ਰਣਜੀਤ ਸਿੰਘ ਅਤੇ ਸਾਥੀ,ਬੋਹਾ ਤੋਂ ਕੇਵਲ ਸਿੰਘ ਕੰਗ ਜਿਲਾ ਪ੍ਰਧਾਨ ਗੁਰਦਾਸਪੁਰ, ਸਰਪੰਚ ਰਾਜ ਰਾਣੀ ਅਤੇ ਸਾਥੀ, ਗੁਰਦਾਸਪੁਰ ਤੋਂ ਗੁਰਦੀਪ ਸਿੰਘ ਅਤੇ ਸਾਥੀ, ਡੇਰਾ ਬਾਬਾ ਨਾਨਕ ਤੋਂ ਮਾ. ਮਹਿੰਦਰ ਸਿੰਘ ਤੇ ਸਾਥੀ, ਫਤਿਹਗੜ ਚੂੜੀਆਂ ਤੋਂ ਸੁਰਜੀਤ ਸਿੰਘ ਸੋਢੀ, ਬਟਾਲਾ ਤੋਂ ਬਲਰਾਜ ਸਿੰਘ ਜੈਤੋ ਸਰਜਾ ਤੇ ਸਾਥੀ ਅਤੇ ਬਾਕੀ ਸਾਰੇ ਜਿਲਿਆਂ ਦੀ ਕਿਸਾਨ ਲੀਡਰਸ਼ਿਪ ਹਾਜਰ ਹੋਈ |ਸੈਂਕੜੇ ਕਿਸਾਨਾਂ ਦੇ ਹੋਏ ਇਸ ਇਕੱਠ ਨੇ ਇਸ ਮੌਕੇ ਸ਼੍ਰੀ ਜਾਖੜ ਨੂੰ ਪੂਰੀ ਤਰਾਂ ਨਾਲ ਮਦਦ ਕਰਨ ਦਾ ਭਰੋਸਾ ਦਿਵਾਇਆ|