ਭਾਜਪਾ ਆਗੂ ਦਾ ਵੱਡਾ ਬਿਆਨ-ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਭੇਜੇ ਗਏ ਪੰਜਾਬ ਪੁਲਿਸ ਦੇ 80 ਤੋਂ ਵੱਧ ਕਮਾਂਡੋ!
ਸੁਖਪਾਲ ਖਹਿਰਾ ਨੇ 122 ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਭਗਵੰਤ ਮਾਨ ਨੂੰ ਲਿਆ ਨਿਸ਼ਾਨੇ ‘ਤੇ
ਚੰਡੀਗੜ੍ਹ,13 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ ਵਿੱਚ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹੁਣ ਇੱਕ ਹੋਰ ਵੱਡਾ ਇਲਜ਼ਾਮ ਲਗਾਇਆ ਗਿਆ ਹੈ। ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ “ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਕੁੱਲ 190 ਪੁਲਿਸ ਮੁਲਾਜ਼ਮ ਤਾਇਨਾਤ ਹਨ।ਜੋ ਕਹਿੰਦੇ ਸਨ “ਮੈਂ ਕਦੇ ਸੁਰੱਖਿਆ ਨਹੀਂ ਲਵਾਂਗਾ, VIP ਕਲਚਰ ਖਤਮ ਕਰ ਦੇਵਾਂਗਾ”। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਕੋਲ ਪਹਿਲਾਂ ਦਿੱਲੀ ਪੁਲਿਸ ਦੇ 80 ਕਮਾਂਡੋ ਸਨ ਪਰ ਹੁਣ ਪੰਜਾਬ ਪੁਲਿਸ ਦੇ 82 ਕਮਾਂਡੋ ਹੋਰ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਲਗਾਏ ਗਏ ਹਨ।
If this news about mega security for @ArvindKejriwal n that too Commando’s from PB Police then it not only exposes d sham of @AamAadmiParty vowing to wipe out VIP culture but also trashes d recent decision of @BhagwantMann to withdraw security of 122 PB politicians! Good”Badlav” https://t.co/DjtXaOF4su
— Sukhpal Singh Khaira (@SukhpalKhaira) April 13, 2022
ਭਾਜਪਾ ਆਗੂ ਦੇ ਇਸ ਟਵੀਟ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਦਿਆਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ ਹੈ। ਉਹਨਾਂ ਨੇ ਨਾਲ ਹੀ ਭਗਵੰਤ ਮਾਨ ਵੱਲੋਂ 122 ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਵੀ ਤੰਜ ਕੱਸਿਆ ਹੈ।