ਭਗਵੰਤ ਮਾਨ ਨੇ ਸੰਸਦੀ ਕਮੇਟੀ ਦੀ ਕਾਰਵਾਈ ਦੇ ਮਿੰਟ ਪੇਸ਼ ਕਰਦਿਆਂ ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰਨ ਦੀ ਦਿੱਤੀ ਚੁਣੌਤੀ
… ਅਸੀਂ ਕਾਂਗਰਸੀ ਤੇ ਅਕਾਲੀਆਂ ਵਰਗੇ ਦੋਗਲੀ ਰਾਜਨੀਤੀ ਕਰਨ ਵਾਲੇ ਨਹੀਂ , ਸੜਕ ਤੋਂ ਸੰਸਦ ਤੱਕ ਇਕ ਸੁਰ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ : ਭਗਵੰਤ ਮਾਨ
… 5 ਜੂਨ 2020 ਨੂੰ ਕੇਂਦਰੀ ਮੀਟਿੰਗ ਵਿੱਚ ਕੀ ਬੋਲੇ ਹਰਸਿਮਰਤ ਬਾਦਲ ਆਪਣੇ ਮਿੰਟ ਜਾਰੀ ਕਰੇ
…3 ਮਹੀਨੇ ਕਾਲੇ ਕਾਨੂੰਨਾਂ ਦਾ ਗੁਣਗਾਣ ਕਰਨ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਲੇ ਕਾਨੂੰਨਾਂ ਨੂੰ ਕਿਸਾਨ ਹਿਸ਼ੈਤੀ ਦੱਸਣ ਬਾਰੇ ਸਪੱਸ਼ਟੀਕਰਨ ਦੇਵੇ ਹਰਸਿਮਰਤ ਕੌਰ ਬਾਦਲ
ਨਵੀਂ ਦਿੱਲੀ/ਚੰਡੀਗੜ੍ਹ, 23 ਮਾਰਚ (ਵਿਸ਼ਵ ਵਾਰਤਾ);-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਖੁਰਾਕ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਮਿੰਟਾਂ ਨੂੰ ਜਨਤਕ ਕਰਕੇ ਸਾਬਕਾ ਕੇਂਦਰੀ ਮੰਤਰ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਵੀ ਇਨ੍ਹਾਂ ਕਾਲੇ ਕਾਨੂੰਨਾਂ ਸਬੰਧੀ ਉਚ ਕਮੇਟੀ ਵਿੱਚ ਆਪਣੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਜਨਤਕ ਕਰਨ। ਦਿੱਲੀ ਵਿੱਚ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਸੰਸਦੀ ਕਮੇਟੀ ਵਿੱਚ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਵੱਲੋਂ ਦਿੱਤੇ ਗਏ ਜੋਰਦਾਰ ਬਿਆਨ ਪੱਤਰਕਾਰਾਂ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਬਾਰੇ ਕੂੜ ਪ੍ਰਚਾਰ ਕਰਕੇ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪ੍ਰੰਤੂ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਚਾਲਾਂ ਨੂੰ ਭਲੀਭਾਂਤੀ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਬਿੱਲਾਂ ਵਿੱਚ ਪੇਸ਼ ਕੀਤੀ ਤਜਵੀਜ ਰਾਹੀਂ ਜਖੀਰੇਬਾਜੀ ਨੂੰ ਵਧਾਵਾਂ ਮਿਲੇਗਾ ਅਤੇ ਇਕ ਸਾਜਿਸ਼ ਤਹਿਤ ਪਿਆਜ ਅਤੇ ਟਮਾਟਰ ਨੂੰ ਵੀ ਜ਼ਰੂਰੀ ਵਸਤਾਂ ਦੀ ਸੂਚੀ ਵਿਚੋਂ ਬਾਹਰ ਕੱਢ ਦਿੱਤਾ ਹੈ, ਇਸ ਨਾਲ ਗਰੀਬ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਜਖੀਰੇਬਾਜ ਵਸਤੂਆਂ ਨੂੰ ਭੰਡਾਰ ਕਰਨਗੇ ਅਤੇ ਬਾਅਦ ਵਿੱਚ ਮਹਿੰਗੇ ਭਾਅ ਵੇਚਣਗੇ ਜਿਸ ਨਾਲ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ। ਸਰਕਾਰ ਨੂੰ ਅਜਿਹੀਆਂ ਜ਼ਰੂਰੀ ਵਸਤੂਆਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ। ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਆਲੂ ਦਾ ਉਤਪਾਦਨ ਹੁੰਦਾ ਹੈ, ਕਿਸਾਨ ਕੋਲਡ ਸਟੋਰਾਂ ਵਿੱਚ ਆਲੂ ਰੱਖਣ ਦਾ ਕਿਰਾਇਆ ਨਹੀਂ ਦੇ ਸਕਦੇ। ਇਸ ਤੋਂ ਬਾਅਦ ਜ਼ਖੀਰੇਬਾਜ ਆਲੂ ਦੀ ਥੋੜ੍ਹ ਆਉਣ ਉਤੇ ਮਹਿੰਗੇ ਭਾਅ ਆਲੂ ਨੂੰ ਵੇਚਦੇ ਹਨ।
ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੋ ਉਨ੍ਹਾਂ ਵੱਲੋਂ ਮੇਰੇ ਉਤੇ ਇਹ ਦੋਸ਼ ਲਗਾਇਆ ਜਾਂਦਾ ਸੀ ਕਿ ਮੈਂ ਸੰਸਦੀ ਕਮੇਟੀ ਵਿੱਚ ਕਾਨੂੰਨ ਦਾ ਸਮਰਥਨ ਕੀਤਾ ਹੈ, ਉਸ ਸਬੰਧੀ ਮੈਂ ਆਪਣੇ ਮਿੰਟ ਜਨਤਕ ਕਰ ਦਿੱਤੇ ਹਨ। ਹੁਣ ਉਹ (ਹਰਸਿਮਰਤ ਕੌਰ ਬਾਦਲ) ਵੀ ਉਸ ਮੀਟਿੰਗ ਦੀ ਕਾਰਵਾਈ ਜਨਤਕ ਕਰੇ ਜਿਸ ਵਿੱਚ ਉਨ੍ਹਾਂ 5 ਜੂਨ 2020 ਨੂੰ ਜਦੋਂ ਇਹ ਕਾਲੇ ਕਾਨੂੰਨ ਕੈਬਨਿਟ ਦੀ ਮੀਟਿੰਗ ਵਿੱਚ ਆਏ ਸਨ ਤਾਂ ਉਨ੍ਹਾਂ ਕੀ ਪੱਖ ਰੱਖਿਆ ਸੀ। ਉਨ੍ਹਾਂ ਕਿਹਾ ਕਿ ਉਹ ਸਾਨੂੰ ਆਪਣੇ ਵਰਗਾ ਨਾ ਸਮਝੇ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਲਈ ਦੋਗਲੀ ਰਾਜਨੀਤੀ ਕਰਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਚ ਮੰਤਰੀ ਰਹਿੰਦੇ ਹੋਏ ਪਹਿਲਾਂ ਤਾਂ ਉਹ ਇਨ੍ਹਾਂ ਕਾਲੇ ਕਾਨੂੰਨਾਂ ਦਾ ਗੁਣਗਾਣ ਕਰਦੇ ਹੋਏ ਲੋਕਾਂ ਨੂੰ ਕਹਿੰਦੇ ਰਹੇ ਕਿ ਕਿਸਾਨਾਂ ਲਈ ਬਹੁਤ ਤਰੱਕੀ ਵਾਲੇ ਕਾਨੂੰਨ ਹਨ, ਹੁਣ ਅਖੌਤੀ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਨਾਲ ਦਿਨੋਂ ਦਿਨ ਜੁੜ ਰਹੇ ਲੋਕਾਂ ਤੋਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਬੁਖਲਾਹਟ ਵਿੱਚ ਹੈ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਸ ਕਰਕੇ ਵਿਰੋਧੀ ਕੂੜ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਆ ਰਹੀ ਹੈ। ਪਾਰਟੀ ਵੱਲੋਂ ਸੜਕ ਤੋਂ ਲੈ ਕੇ ਸੰਸਦ ਤੱਕ ਇਨ੍ਹਾਂ ਕਾਲੇ ਕਾਨੂੰਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦਿੱਲੀ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਇਕ ਸੇਵਾਦਾਰ ਵਜੋਂ ਸੇਵਾ ਕਰ ਰਹੀ ਹੈ। ਜਦੋਂ ਕਿ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਪਹਿਲਾਂ ਇਨ੍ਹਾਂ ਕਾਨੂੰਨਾਂ ਦਾ ਗੁਣਗਾਨ ਕਰਦੇ ਰਹੇ, ਉਨ੍ਹਾਂ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਚੰਡੀਗੜ੍ਹ ਬੁਲਾਕੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਾਘਾ ਪੁਰਾਣਾ ਵਿੱਚ ਕੀਤੇ ਗਏ ਕਿਸਾਨ ਮਹਾਸੰਮੇਲਨ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਬੁਖਲਾਹਟ ਵਿੱਚ ਹਨ ਜਿਸ ਕਰਕੇ ਉਹ ਕੂੜ ਪ੍ਰਚਾਰ ਕਰ ਰਹੇ ਹਨ।