ਕੁਆਲਾਲੰਪੁਰ ਏਅਰਪੋਰਟ ‘ਤੇ ਫਸੇ ਸੈਂਕੜੇ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੂੰ ਕੀਤੀ ਸੀ ਅਪੀਲ
ਵਿਦੇਸ਼ ਮੰਤਰੀ ਨੇ ਦਿੱਤਾ ਮਦਦ ਦਾ ਭਰੋਸਾ
ਚੰਡੀਗੜ੍ਹ, 21 ਮਾਰਚ 2020 ( ਵਿਸ਼ਵ ਵਾਰਤਾ)- ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਵੱਖ-ਵੱਖ ਦੇਸ਼ਾਂ ਦੇ ਏਅਰਪੋਰਟਾਂ ‘ਤੇ ਫਸੇ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਲਈ ਵਿਸ਼ੇਸ਼ ਕਦਮ ਉਠਾਉਣ ਦੀ ਮੰਗ ਕੀਤੀ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਏਅਰਪੋਰਟ ‘ਤੇ ਫਸੇ ਲਗਭਗ 250 ਤੋਂ 300 ਭਾਰਤੀਆਂ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ-ਵਿਆਪੀ ਦਹਿਸ਼ਤ ਕਾਰਨ ਅੰਤਰਰਾਸ਼ਟਰੀ ਫਲਾਇਟਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਭਾਰੀ ਗਿਣਤੀ ‘ਚ ਲੋਕ ਟਰਾਂਜੰਕਸ਼ਨ ਫਲਾਇਟਾਂ ਲਈ ਏਅਰਪੋਰਟਾਂ ਉੱਤੇ ਹੀ ਫਸ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਕੁਆਲਾਲੰਪੁਰ ‘ਚ ਫਸੇ ਭਾਰਤੀਆਂ ‘ਚ ਪੰਜਾਬੀ ਵੀ ਸ਼ਾਮਲ ਹਨ।
ਪਿਛਲੇ ਕਈ ਦਿਨਾਂ ਤੋਂ ਉੱਥੇ ਫਸੇ ਇਨ੍ਹਾਂ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ‘ਤੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਗੈਰ ਜਿੰਮੇਵਾਰਨਾ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਮਾਮਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਤਾਂ ਕਿ ਉਨ੍ਹਾਂ ਦੇਸ਼ ਵਾਪਸ ਲਿਆਉਣ ਲਈ ਤੁਰੰਤ ਵਿਸ਼ੇਸ਼ ਪ੍ਰਬੰਧ ਹੋ ਸਕਣ। ਉਨ੍ਹਾਂ ਭਾਰਤੀਆਂ ਨੇ ਪੈਸੇ ਖ਼ਤਮ ਹੋਣ ਕਾਰਨ ਖਾਣ-ਪੀਣ ਦੀ ਸਮੱਸਿਆ ਦੇ ਨਾਲ-ਨਾਲ ਇੱਕ ਜਗਾ ਐਨੇ ਲੋਕਾਂ ਦੀ ਭੀੜ ਕਾਰਨ ਕੋਰੋਨਾ ਵਾਇਰਸ ਦੇ ਖ਼ਤਰਿਆਂ ਦਾ ਵੀ ਹਵਾਲਾ ਦਿੱਤਾ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਰੋਸਾ ਦਿੱਤਾ ਕਿ ਉਹ ਭਾਰਤੀ ਅੰਬੈਸੀਆਂ ਨੂੰ ਭਾਰਤੀ ਨਾਗਰਿਕਾਂ ਦੀ ਤੁਰੰਤ ਪ੍ਰਭਾਵ ਮਦਦ ਲਈ ਭੇਜ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ (ਮਾਨ) ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਉਨ੍ਹਾਂ ਕੋਲ ਕਿਸੇ ਹੋਰ ਜਗਾ ਤੋਂ ਵੀ ਕੋਈ ਇਸ ਤਰਾਂ ਦੀ ਜਾਣਕਾਰੀ ਪਹੁੰਚਦੀ ਹੈ ਤਾਂ ਉਹ (ਮਾਨ) ਵਿਦੇਸ਼ ਮੰਤਰਾਲੇ ਨਾਲ ਤੁਰੰਤ ਸਾਂਝੀ ਕਰਨ ਅਤੇ ਵਿਦੇਸ਼ ਮੰਤਰਾਲਾ ਤੁਰੰਤ ਲੋੜੀਂਦੇ ਕਦਮ ਚੁੱਕੇਗਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਈ-ਮੇਲ ਅਤੇ ਵਿਸ਼ੇਸ਼ ਵੱਟਸਐਪ ਨੰਬਰ 7976306060 ਸਾਂਝਾ ਕਰਦੇ ਹੋਏ ਦੁਨੀਆ ਭਰ ਦੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਤਰਾਂ ਦੀ ਦਿੱਕਤ ਆਈ ਹੈ ਤਾਂ ਉਹ ਤੁਰੰਤ ਸੰਪਰਕ ਕਰਨ ਤਾਂਕਿ ਬਤੌਰ ਸੰਸਦ ਉਹ ਉਨ੍ਹਾਂ ਦਾ ਮਾਮਲਾ ਵਿਦੇਸ਼ ਮੰਤਰਾਲੇ ਦੇ ਤੁਰੰਤ ਧਿਆਨ ‘ਚ ਲਿਆ ਸਕਣ।