ਚੰਡੀਗੜ, 16 ਮਾਰਚ (ਵਿਸ਼ਵ ਵਾਰਤਾ) :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਫੋਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਅਤੇ ਕ੍ਰਮਵਾਰ ਲੋਕ ਸਭਾ ਅਤੇ ਵਿਧਾਨ ਸਭਾ ਤੋਂ ਤੁਰੰਤ ਅਸਤੀਫਾ ਦੇਣ ਅਤੇ ਦੁਬਾਰਾ ਤੋਂ ਲੋਕਾਂ ਦਾ ਫਤਵਾ ਹਾਸਿਲ ਕਰਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹਨਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਿਰਆਧਾਰ ਦੋਸ਼ ਲਗਾਏ ਸਨ ਅਤੇ ਇਸ ਗਲਤੀ ਲਈ ਉਹਨਾਂ ਨੇ ਮੁਆਫੀ ਮੰਗ ਲਈ ਹੈ। ਉਹਨਾਂ ਕਿਹਾ ਕਿ ਜੇ ਮਾਨ ਅਤੇ ਖਹਿਰਾ ਇਸ ਮਾਮਲੇ ਉੱਤੇ ਅਲੱਗ ਰਾਇ ਰੱਖਦੇ ਹਨ ਅਤੇ ਹੁਣ ਉਹ ਆਪ ਕਨਵੀਨਰ ਨਾਲ ਨਹੀਂ ਖੜ•ੇ ਹਨ ਤਾਂ ਉਹਨਾਂ ਨੂੰ ਤੁਰੰਤ ਲੋਕ ਸਭਾ ਅਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਵੋਟਾਂ ਕੇਜਰੀਵਾਲ ਦੇ ਨਾਂ ਉੱਤੇ ਹੀ ਮਿਲੀਆਂ ਸਨ।
ਭਗਵੰਤ ਮਾਨ ਵੱਲੋਂ ਆਪ ਦੀ ਪੰਜਾਬ ਇਕਾਈ ਦੀ ਪ੍ਰਧਾਨਗੀ ਤੋ ਦਿੱਤੇ ਅਸਤੀਫੇ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਉਹਨਾਂ ਨੂੰ ਨਾਟਕਬਾਜ਼ੀ ਵਾਲੀ ਸਿਆਸਤ ਕਰਨ ਤੋਂ ਵਰਜਿਆ। ਡਾਕਟਰ ਚੀਮਾ ਨੇ ਕਿਹਾ ਕਿ ਮਾਨ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਇੱਕ ਕੌਮਾਂਤਰੀ ਨਸ਼ਾ ਤਸਕਰੀ ਦੇ ਕੇਸ ਵਿਚ ਸੰਮਨ ਭੇਜੇ ਸਨ ਤਾਂ ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਉਹਨਾਂ ਕਿਹਾ ਕਿ ਤੁਹਾਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਖਹਿਰਾ ਨੂੰ ਇੱਕ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਰੈਕਟ ਦਾ ਸਰਗਨਾ ਕਿਹਾ ਗਿਆ ਸੀ ਤਾਂ ਤੁਸੀਂ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਿਉਂ ਨਹੀਂ ਸੀ ਕੀਤਾ? ਉਦੋਂ ਤੁਹਾਡੀ ਜ਼ਮੀਰ ਕਿਉਂ ਨਹੀਂ ਜਾਗੀ?
ਭਗਵੰਤ ਮਾਨ ਦੇ ਆਪਣੇ ਰਿਕਾਰਡ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੰਗਰੂਰ ਦੇ ਸਾਂਸਦ ਜਲਾਲਾਬਾਦ ਤੋ ਵਿਧਾਨ ਸਭਾ ਚੋਣ ਹਾਰ ਗਏ ਸਨ। ਉਹਨਾਂ ਕਿਹਾ ਕਿ ਸਿੱਟੇ ਵਜੋ ਪਾਰਟੀ ਅੰਦਰ ਉਹਨਾਂ ਦੀ ਪੁਜ਼ੀਸ਼ਨ ਅਤੇ ਪ੍ਰਭਾਵ ਨੂੰ ਇੰਨਾ ਜ਼ਿਆਦਾ ਖੋਰਾ ਲੱਗ ਚੁੱਕਿਆ ਹੈ ਕਿ ਉਹਨਾ ਦਾ ਅਸਤੀਫਾ ਦੇਣਾ ਕੋਈ ਮਾਅਨੇ ਨਹੀਂ ਰੱਖਦਾ।
ਸੁਖਪਾਲ ਖਹਿਰਾ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿੰਨਾ ਘੱਟ ਕਿਹਾ ਜਾਵੇ ਉੰਨਾ ਹੀ ਚੰਗਾ ਹੈ। ਉਹਨਾਂ ਕਿਹਾ ਕਿ ਖਹਿਰੇ ਵੱਲੋਂ ਆਪ ਜਾਂ ਵਿਧਾਨ ਸਭਾ ਤੋਂ ਅਸਤੀਫਾ ਦੇਣਾ ਤਾਂ ਭੁੱਲ ਹੀ ਜਾਓ, ਉਹ ਆਪਣੀ ਕੁਰਸੀ ਨੂੰ ਇੰਨੀ ਬੁਰੀ ਤਰ•ਾਂ ਚਿੰਬੜੇ ਹਨ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦੇਣ ਦੀ ਪੇਸ਼ਕਸ਼ ਵੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦਾ ਦੋਗਲਾਪਣ ਅੱਜ ਸਾਹਮਣੇ ਆ ਗਿਆ ਹੈ। ਉਹਨਾਂ ਕਿਹਾ ਕਿ ਸ਼ਾਇਦ ਖਹਿਰਾ ਇਹ ਭੁੱਲ ਗਏ ਹਨ ਕਿ ਇੱਕ ਕੌਮਾਂਤਰੀ ਨਸ਼ਾ ਰੈਕਟ ‘ਚ ਉਹਨਾਂ ਦਾ ਨਾਂ ਬੋਲਦਾ ਹੈ ਅਤੇ ਅਦਾਲਤ ਨੇ ਉਹਨਾਂ ਨੂੰ ਕੋਈ ਸਿਆਸੀ ਪਾਰਟੀ ਜਾਂ ਹਸਤੀ ਨਹੀਂ, ਇੱਕ ਦੋਸ਼ੀ ਬਣਾਇਆ ਹੈ। ਖਹਿਰਾ ਦੇ ਸਹਿ ਦੋਸ਼ੀ ਨੂੰ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿਚ ਖਹਿਰਾ ਕੋਲ ਨਸ਼ਿਆਂ ਬਾਰੇ ਗੱਲ ਕਰਨ ਦਾ ਵੀ ਨੈਤਿਕ ਅਧਿਕਾਰ ਨਹੀਂ ਬਚਿਆ ਹੈ, ਹਾਂ ਹਾਲ ਹੀ ਵਿਚ ਨਿਯੁਕਤ ਕੀਤੇ ਕਮਿਸ਼ਨਾਂ ਨਾਲ ਆਪਣੇ ਗੂੜ•ੇ ਸੰਬੰਧਾਂ ਕਰਕੇ ਇਸ ਕੇਸ ਵਿਚੋਂ ਛੁੱਟਣ ਦੀ ਕੋਸ਼ਿਸ਼ ਕਰਨਾ ਵੱਖਰੀ ਗੱਲ ਹੈ।
ਇਹ ਟਿੱਪਣੀ ਕਰਦਿਆਂ ਕਿ ਨੈਤਿਕਤਾ ਉੱਤੇ ਭਾਸ਼ਣ ਦੇਣਾ ਸੌਖਾ ਹੁੰਦਾ ਹੈ, ਪਰ ਉਸ ਨੂੰ ਅਮਲ ਵਿਚ ਲਿਆਉਣਾ ਬਹੁਤ ਔਖਾ ਹੁੰਦਾ ਹੈ, ਅਕਾਲੀ ਆਗੂ ਨੇ ਕਿਹਾ ਖਹਿਰਾ ਲਈ ਇਹ ਵਿਖਾਉਣ ਦਾ ਸਮਾਂ ਆ ਗਿਆ ਹੈ ਕਿ ਉਹਨਾਂ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਅਤੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਅਤੇ ਦੁਬਾਰਾ ਚੋਣ ਲੜਣ ਦਾ ਹੌਂਸਲਾ ਹੈ। ਇਹਨਾਂ ਉਹਨਾਂ ਦੇ ਸਟੈਂਡ ਅਤੇ ਹਰਮਨਪਿਆਰਤਾ ਦੀ ਸਭ ਤੋਂ ਢੁੱਕਵੀਂ ਪ੍ਰੀਖਿਆ ਹੋਵੇਗੀ।
ਆਪ ਬਾਰੇ ਟਿੱਪਣੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿਚ ਇਹ ਪਾਰਟੀ ਪੰਜਾਬ ਵਿਚੋਂ ਪੂਰੀ ਤਰ•ਾਂ ਖ਼ਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਦੇ ਚਾਰ ਸਾਂਸਦਾਂ ਵਿਚੋਂ ਦੋ ਸਾਂਸਦ ਪਾਰਟੀ ਨੂੰ ਛੱਡ ਚੁੱਕੇ ਹਨ। ਗੁਰਦਾਸਪੁਰ ਪਾਰਲੀਮਾਨੀ ਚੋਣ ਵਿਚ ਇਸ ਪਾਰਟੀ ਦਾ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਸੀ ਬਚਾ ਪਾਇਆ। ਇਸੇ ਤਰਾਂ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਦੀਆਂ ਨਗਰ ਨਿਗਮ ਚੋਣਾਂ ਵਿਚ ਇਸ ਪਾਰਟੀ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ। ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਵੀ ਇਹ ਪਾਰਟੀ ਸਿਰਫ ਇੱਕ ਸੀਟ ਹੀ ਜਿੱਤੀ ਹੈ।
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ...