ਭਗਤਾਂ ਦੀ ਰੱਖਿਆ ਖਾਤਰ ਇਸ ਧਰਤੀ ‘ਤੇ ਆਏ ਭਗਵਾਨ – ਵਿਜੇ ਕੌਸ਼ਲ ਮਹਾਰਾਜ
ਕਥਾ ਦੇ ਤੀਜੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨੇ ਦੀਪ ਜਗਾਇਆ
ਚੰਡੀਗੜ੍ਹ, 26 ਅਪ੍ਰੈਲ:ਅੱਜ ਇੱਥੇ ਪੰਜਾਬ ਰਾਜ ਭਵਨ ਵਿੱਚ ਸ਼੍ਰੀ ਰਾਮ ਕਥਾ ਦੇ ਤੀਜੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੀਪ ਜਗਾਇਆ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਖੱਟਰ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਸ਼੍ਰੀ ਰਾਮ ਕਥਾ ਸੁਣਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੇ ਚਰਿੱਤਰ ਤੋਂ ਸਾਨੂੰ ਸਾਧਾਰਨ ਅਤੇ ਮਰਿਆਦਾ ਪੁਰਸ਼, ਦੋਹਾਂ ਦੇ ਆਚਰਣ ਦੀ ਸਿੱਖਿਆ ਮਿਲਦੀ ਹੈ, ਸ਼੍ਰੀ ਰਾਮ ਦੇ ਚਰਿੱਤਰ ਤੋਂ ਅਸੀਂ ਜਿੰਨੀ ਵੀ ਸਿੱਖਿਆ ਹਾਸਲ ਕਰ ਸਕਦੇ ਹਾਂ ਉਹ ਘੱਟ ਹੈ। ਭਰਾ ਦਾ ਭਰਾ ਪ੍ਰਤੀ ਪਿਆਰ ਕੀ ਹੈ, ਮਾਤਾ-ਪਿਤਾ ਦਾ ਹੁਕਮ ਮੰਨਣਾ ਕੀ ਹੈ ਅਤੇ ਪਤੀ ਦਾ ਪਤਨੀ ਪ੍ਰਤੀ ਫਰਜ਼ ਕੀ ਹੈ, ਇਸ ਸਭ ਦੀ ਸਿੱਖਿਆ ਰਾਮਾਇਣ ਤੋਂ ਹੀ ਮਿਲਦੀ ਹੈ। ਰਾਮ ਜਨਮ ਭੂਮੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਯੁੱਧਿਆ `ਚ ਜੋ ਭਗਵਾਨ ਰਾਮ ਦਾ ਜਨਮ ਅਸਥਾਨ ਹੈ ਅੱਜ ਉਥੇ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਪੂਰੇ ਜ਼ੋਰਾਂ `ਤੇ ਚੱਲ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਹਰ ਕਿਸੇ ਨੂੰ ਇਸ ਦੇ ਦਰਸ਼ਨ ਕਰਨ ਦਾ ਸੁਭਾਗ ਮਿਲੇਗਾ।
ਕਥਾਵਿਆਸ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਨੇ ਮੰਗਲਾਚਰਨ ਨਾਲ ਕਥਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜਦੋਂ ਵੀ ਧਰਤੀ `ਤੇ ਅਧਰਮ, ਪਾਪ, ਅੱਤਿਆਚਾਰ ਵਧਿਆ, ਸੀਮਾਵਾਂ ਦੀ ਉਲੰਘਣਾ ਹੋਈ ਅਤੇ ਧਰਤੀ ਦੇ ਸਬਰ ਦੀ ਹੱਦ ਖਤਮ ਹੋਈ ਤਾਂ ਭਗਵਾਨ ਦੁਸ਼ਟਾਂ ਦਾ ਨਾਸ਼ ਕਰਨ ਅਤੇ ਭਗਤਾਂ ਦੀ ਰੱਖਿਆ ਲਈ ਇਸ ਧਰਤੀ `ਤੇ ਆਏ। ਧਰਮ ਦੀ ਖ਼ਾਤਰ ਭਗਵਾਨ ਨੇ ਇਸ ਧਰਤੀ ’ਤੇ ਅਵਤਾਰ ਧਾਰਿਆ। ਰਮਾਇਣ ਦੀ ਸੁਰੀਲੀ ਚੌਪਈ ਦਾ ਗਾਇਨ ਕਰਦਿਆਂ, ਉਨ੍ਹਾਂ ਨੇ ਇਹ ਚੌਪਈ ਸੁਣਾਈ “ਜਬ ਜਬ ਹੁਈ ਧਰਮ ਕੀ ਹਾਨਿ, ਬਾਰਹਿ ਅਸੁਰ ਅਧਮ ਅਭਿਮਾਨੀ, ਤਬ ਤਬ ਧਰ ਪ੍ਰਭੂ ਵਿਵਿਧ ਸ਼ਰੀਰਾ, ਹਰਹਿ ਦਇਆਨਿਧਿ ਸੱਜਨ ਪੀੜਾ”। ਉਨ੍ਹਾਂ ਗੁਰੂ ਦੀ ਮਹਿਮਾ ਦਾ ਵਰਨਣ ਕਰਦਿਆਂ ਕਿਹਾ ਕਿ ਗੁਰੂ ਪ੍ਰਕਾਸ਼ ਦਾ ਪ੍ਰਤੀਕ ਹੈ, ਉਹ ਹਨੇਰੇ ਨੂੰ ਦੂਰ ਕਰਨ ਵਾਲਾ ਹੈ। ਉਨ੍ਹਾਂ ਦੱਸਿਆ ਕਿ ਕਥਾ ਸੁਣਨ ਦਾ ਪਹਿਲਾ ਅਤੇ ਆਖਰੀ ਨਿਯਮ ਇਹ ਹੈ ਕਿ ਕਥਾ ਦੇ ਪ੍ਰਸੰਗ ਵਿੱਚ ਵਿਅਕਤੀ ਆਪਣੇ ਆਚਰਨ, ਵਿਹਾਰ ਅਤੇ ਜੀਵਨ ਸ਼ੈਲੀ ਨੂੰ ਮਿਲਾ ਕੇ ਚੱਲੇ ਅਤੇ ਜੇਕਰ ਉਸਨੂੰ ਆਪਣਾ ਆਪ ਗਲਤ ਪਾਸੇ ਵਿੱਚ ਖੜ੍ਹਾ ਦਿਖਾਈ ਦੇਵੇ ਤਾਂ ਉਸ ਨੂੰ ਸਹੀ ਰਸਤਾ ਚੁਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਉਥਾਨ ਅਤੇ ਪਤਨ ਦਾ ਕਾਰਨ ਉਸ ਦਾ ਮਨ ਹੈ ਨਾ ਕਿ ਸਰੀਰ। ਜਿਵੇਂ ਦੇ ਵਿਚਾਰ ਮਨ ਵਿੱਚ ਆਉਂਦੇ ਹਨ ਵਿਅਕਤੀ ਉਸੇ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਮਨ ਨੂੰ ਸ਼ੁਭ ਕੰਮਾਂ `ਤੇ ਕੇਂਦਰਿਤ ਕਰੋ ਅਤੇ ਧਿਆਨ ਦੀ ਊਰਜਾ ਨਾਲ ਮਨ ਨੂੰ ਇਕਾਗਰ ਕਰੋ। ਉਨ੍ਹਾਂ ਨੇ ਜਪ ਕਰਨ ਦੀ ਵਿਧੀ ਦੱਸਦਿਆਂ ਕਿਹਾ ਕਿ ਮੰਤਰ ਦਾ ਜਾਪ ਹਮੇਸ਼ਾ ਬੋਲ ਕੇ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਮੂੰਹ ਬੰਦ ਕਰਕੇ ਮਨ ਵਿੱਚ ਮੰਤਰ ਦਾ ਜਾਪ ਕਰਦੇ ਹਾਂ ਤਾਂ ਸਾਡਾ ਧਿਆਨ ਭਟਕ ਜਾਂਦਾ ਹੈ; ਜਿੰਨਾ ਹੋ ਸਕੇ ਪਾਠ, ਮਾਲਾ, ਜਪ ਅਤੇ ਮੰਤਰਾਂ ਦਾ ਬੋਲ ਕੇ ਜਾਪ ਕੀਤਾ ਜਾਵੇ।