– ਸਾਂਝੇ ਹਿੱਤਾਂ ਲਈ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 12 ਦਸੰਬਰ (ਵਿਸ਼ਵ ਵਾਰਤਾ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਜ ਚੌਹਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਤਾਂ ਜੋ ਦੋਵਾਂ ਸੂਬਿਆਂ ਦੇ ਸਾਂਝੇ ਹਿੱਤਾਂ ਲਈ ਦੋਵਾਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ।
ਇੱਥੇ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਦੇ ਦਫਤਰ ਵਿਚ ਕੀਤੀ ਮੁਲਾਕਾਤ ਦੌਰਾਨ ਸ੍ਰੀ ਰਾਜ ਚੌਹਾਨ ਨੇ ਬ੍ਰਿਟਿਸ਼ ਕੋਲੰਬੀਆਂ ਨੇ ਮੁੱਖ ਮੰਤਰੀ ਜੌਨ ਹੌਰਗਨ ਦੀ ਤਰਫੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੀਕਰ ਰਾਣਾ. ਕੇ.ਪੀ. ਸਿੰਘ ਰਾਹੀਂ ਲੋਕਾਂ ਦਾ ਵਿਸ਼ਵਾਸ ਜਿੱਤਣ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਵੇਗੀ। ਰਾਣਾ ਕੇ.ਪੀ. ਸਿੰਘ ਨੇ ਇਸ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਸੁਨੇਹਾ ਪੰਜਾਬ ਦੇ ਮੁੱਖ ਮੰਤਰੀ ਤੱਕ ਪੁੱਜਦਾ ਕਰ ਦੇਣਗੇ।
ਸ੍ਰੀ ਚੌਹਾਨ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਦਿਲੋਂ ਚਾਹੁੰਦੇ ਹਨ ਕਿ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੇ ਅਤੇ ਸੂਬਾ ਹੋਰ ਖੁਸ਼ਹਾਲ ਤੇ ਤਰੱਕੀਯਾਫਤਾ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਹੌਰਗਨ ਵੀ ਦੋਵਾਂ ਸੂਬਿਆਂ ਦੇ ਮਜ਼ਬੂਤ ਸਬੰਧਾਂ ਦੀ ਹਾਮੀ ਭਰਦੇ ਹਨ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਦੋਵਾਂ ਸੂਬਿਆਂ ਦਰਮਿਆਨ ਸੱਭਿਆਚਾਰਕ ਅਤੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਕਈ ਸਾਰਥਕ ਕਦਮ ਚੁੱਕੇ ਜਾ ਸਕਦੇ ਹਨ।
ਇਸ ਮੌਕੇ ਰਾਜ ਚੌਹਾਨ, ਜੋ ਕਿ ਬਨਵੀ-ਐਡਮੰਡਜ਼ ਤੋਂ ਵਿਧਾਇਕ ਹਨ, ਨੇ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਸਾਂਝ ਸਬੰਧੀ ਇਕ ਖਰੜੇ ਦੀ ਕਾਪੀ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸੌਂਪੀ ਅਤੇ ਕਈ ਦੁਵੱਲੇ ਮੁੱਦਿਆਂ ‘ਤੇ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਜਲਦ ਹੀ ਬ੍ਰਿਟਿਸ਼ ਕੋਲੰਬੀਆਂ ਸੂਬੇ ਦਾ ਸਪੀਕਰ ਅਤੇ ਸਕੱਤਰ ਚੰਡੀਗੜ੍ਹ ਵਿਖੇ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਰਾਣਾ ਕੇ.ਪੀ. ਸਿੰਘ ਨੇ ਸ੍ਰੀ ਚੌਹਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ‘ਤੇ ਜਾ ਕੇ ਵੀ ਆਪਣੀ ਮਿਹਨਤ ਸਦਕਾ ਤਰੱਕੀਆਂ ਦੇ ਝੰਡੇ ਝੁਲਾਏ ਹਨ ਅਤੇ ਬਹੁਤ ਸਾਰੇ ਖੇਤਰਾਂ ਵਿਚ ਆਪਣੀ ਧਾਕ ਜਮਾਈ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆਂ ਵੱਲੋਂ ਦੋਵਾਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ਸਬੰਧੀ ਚੁੱਕਿਆ ਗਿਆ ਕਦਮ ਬਹੁਤ ਪ੍ਰਸੰਸਾਯੋਗ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਸਮਝਣ ਦਾ ਅਹਿਮ ਮੌਕਾ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਂਝ ਸਬੰਧੀ ਖਰੜੇ ਦੀ ਕਾਪੀ ਨੂੰ ਧਿਆਨ ਨਾਲ ਵਾਚਣਗੇ। ਇਸ ਮੌਕੇ ਸ੍ਰੀ ਚੌਹਾਨ ਵੱਲੋਂ ਬ੍ਰਿਟਿਸ਼ ਕੋਲੰਬੀਆਂ ਆਉਣ ਦੇ ਦਿੱਤੇ ਸੱਦੇ ਦਾ ਰਾਣਾ ਕੇ.ਪੀ. ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਯੋਜਨਾ ਬਣਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੋਮ ਪ੍ਰਕਾਸ਼ ਅਤੇ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. (ਦੋਵੇਂ ਵਿਧਾਇਕ), ਪੰਜਾਬ ਵਿਧਾਨ ਸਭਾ ਦੀ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਅਤੇ ਸਪੀਕਰ ਦੇ ਨਿੱਜੀ ਸਕੱਤਰ ਸ੍ਰੀ ਰਾਮ ਲੋਕ ਹਾਜ਼ਰ ਸਨ।
Budhlada News : ਦੀਵਾਲੀ ਨੂੰ ਨੈਸ਼ਨਲ ਹਾਈਵੇਅ ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਅਤੇ ਵਸੂਲੀ ਕਰਨ ਵਾਲੇ 2 ਕਾਬੂ, ਹੂਲੜਬਾਜਾਂ ਦੀ ਵੀਡਿਓ ਵਾਈਰਲ
Budhlada News : ਦੀਵਾਲੀ ਨੂੰ ਨੈਸ਼ਨਲ ਹਾਈਵੇਅ ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਅਤੇ ਵਸੂਲੀ ਕਰਨ ਵਾਲੇ 2 ਕਾਬੂ, ਹੂਲੜਬਾਜਾਂ ਦੀ...