ਬ੍ਰਹਮ ਮਹਿੰਦਰਾ ਨੇ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟ ਦਾ ਕੀਤਾ ਉਦਘਾਟਨ
ਪੰਜਾਬ ਨੂੰ ਪ੍ਰਗਤੀ ਦੇ ਰਾਹ ‘ਤੇ ਲੈ ਜਾਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਦੀ ਕੀਤੀ ਸ਼ਲਾਘਾ
151 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ, 9 ਪੁਲਿਸ ਸਟੇਸ਼ਨਾਂ, ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸ਼ਾਮ ਚੌਰਾਸੀ ਵਿਖੇ ਸਬ ਤਹਿਸੀਲ ਦਾ ਕੀਤਾ ਉਦਘਾਟਨ
4 ਤਹਿਸੀਲ ਕੰਪਲੈਕਸਾਂ ਦਾ ਰੱਖਿਆ ਨੀਂਹ ਪੱਥਰ
ਕਾਂਗੜ ਨੇ ਮਾਲ ਵਿਭਾਗ ਦੀਆਂ ਲੋਕ-ਪੱਖੀ ਪਹਿਲਕਮਦੀਆਂ ‘ਤੇ ਪਾਇਆ ਚਾਨਣਾ
ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਅਪ੍ਰੈਲ 1 ਤੋਂ ਕੋਵਿਡ ਟੀਕਾਕਰਨ ਹੋਵੇਗਾ ਸ਼ੁਰੂ-ਬਲਬੀਰ ਸਿੰਘ ਸਿੱਧੂ
ਚੰਡੀਗੜ੍ਹ, 25 ਮਾਰਚ (ਵਿਸ਼ਵ ਵਾਰਤਾ);-ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸੂਬੇ ਨੂੰ ਪ੍ਰਗਤੀ ਦੇ ਰਾਹ ‘ਤੇ ਲੈ ਜਾਣ ਲਈ ਕਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਦੇ ਨਾਲ ਨਾਲ ਕੁਝ ਹੋਰ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਅਜਿਹੇ ਪ੍ਰਾਜੈਕਟਾਂ ਰਾਹੀਂ ਸੂਬੇ ਭਰ ਵਿੱਚ ਵਿਕਾਸ ਦੀ ਗਤੀ ‘ਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਦੀ ਸ਼ਲਾਘਾ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੱਚਮੁੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਿਆ ਹੈ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਤੁਰੰਤ ਹੱਲ ਕੀਤਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਕਪਤਾਨ ਹਨ ਅਤੇ ਗੌਰਵ ਦੀਆਂ ਨਵੀਆਂ ਉੱਚਾਈਆਂ ਨੂੰ ਛੂਹਣ ਅਤੇ ਸਰਬਪੱਖੀ ਵਿਕਾਸ ਲਈ ਸਾਡੀ ਅਗਵਾਈ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਇਸ ਵਰਚੁਅਲ ਪ੍ਰੋਗਰਾਮ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਨਾਗਰਿਕਾਂ ਲਈ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਸਤੇ 151 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਅਤੇ ਅੰਮ੍ਰਿਤਸਰ ਵਿਖੇ 93 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ, ਭਵਾਨੀਗੜ੍ਹ ਤੇ ਅਹਿਮਦਗੜ੍ਹ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਵਿਖੇ 5-5 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਤਹਿਸੀਲ ਕੰਪਲੈਕਸਾਂ ਦੇ ਨੀਂਹ ਪੱਥਰ ਰੱਖਿਆ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ ਚੌਰਾਸੀ ਵਿਖੇ 1 ਕਰੋੜ ਦੀ ਲਾਗਤ ਵਾਲੀ ਸਬ ਤਹਿਸੀਲ ਦਾ ਉਦਘਾਟਨ ਕੀਤਾ।
ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ ਸ੍ਰੀ ਬ੍ਰਹਮ ਮਹਿੰਦਰਾ ਨੇ ਸਦਰ ਪਟਿਆਲਾ, ਮਲੌਦ, ਬਿਆਸ, ਜ਼ੀਰਾ, ਬਿਲਗਾ, ਬਸਤੀ ਬਾਵਾ ਖੇਲ, ਸਿੱਧਵਾਂ ਬੇਟ, ਬਹਾਵਵਾਲਾ ਅਤੇ ਸਿਟੀ ਅਹਿਮਦਗੜ੍ਹ ਵਿਖੇ ਪੁਲਿਸ ਥਾਣਿਆਂ ਦੇ 9 ਨਵੇਂ ਕੰਪਲੈਕਸਾਂ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮਾਲ ਅਤੇ ਮੁੜ ਵਸੇਬਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਕਈ ਲੋਕ-ਪੱਖੀ ਪਹਿਲਕਦਮੀਆਂ ਜਿਵੇਂ ਕਿ ਮਾਲ ਰਿਕਾਰਡਾਂ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਇਮਾਰਤ ਅੰਦਰ ਹੀ ਕਈ ਸਰਕਾਰੀ ਵਿਭਾਗਾਂ ਨਾਲ ਸਬੰਧਤ ਲੋਕਾਂ ਦੀਆਂ ਜ਼ਰੂਰਤਾਂ ਨੂੰ ਆਸਾਨ ਤਰੀਕੇ ਨਾਲ ਹੱਲ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਦੇ ਸਮੇਂ ਅਤੇ ਊਰਜਾ ਦੀ ਬਚਤ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਰਾਮਪੁਰਾ ਫੂਲ ਅਤੇ ਅਜਨਾਲਾ ਵਿਖੇ 12 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਹੋਰ ਤਹਿਸੀਲ ਕੰਪਲੈਕਸ ਜਲਦੀ ਹੀ ਮੁਕੰਮਲ ਹੋ ਜਾਣਗੇ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਤੰਦਰੁਸਤ ਪੰਜਾਬ ਸਿਹਤ ਕੇਂਦਰ ਸਥਾਪਤ ਕਰਨ ਉਪਰੰਤ ਸ਼ਹਿਰੀ ਖੇਤਰਾਂ ਵਿਸ਼ੇਸ਼ ਤੌਰ ’ਤੇ ਝੁੱਗੀਆਂ ਵਾਲੇ ਖੇਤਰਾਂ ਵਿੱਚ ਵੀ 700 ਅਜਿਹੇ ਕੇਂਦਰ ਸਥਾਪਤ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਦੇ 2950 ਸਬ-ਸੈਂਟਰਾਂ ਵਿਚੋਂ 428 ਸਬ-ਸੈਂਟਰ ਮੁੱਢਲੇ ਸਿਹਤ ਕੇਂਦਰਾਂ (ਪੀ.ਐੱਚ.ਸੀ.) ਦੀਆਂ ਇਮਾਰਤਾਂ ਤੋਂ ਕੰਮ ਕਰ ਰਹੇ ਹਨ ਜਿਥੇ ਇਸ ਵੇਲੇ ਕੋਈ ਕਮਿਊਨਿਟੀ ਸਿਹਤ ਅਧਿਕਾਰੀ ਤਾਇਨਾਤ ਨਹੀਂ ਹੈ ਅਤੇ ਹੁਣ ਵਿਭਾਗ ਨੇ ਇਨ੍ਹਾਂ ਸਬ-ਸੈਂਟਰਾਂ ਨੂੰ ਵੱਡੀ ਆਬਾਦੀ ਵਾਲੇ ਪਿੰਡਾਂ ਵਿਚ ਤਬਦੀਲ ਕਰਨ ਅਤੇ ਉੱਥੇ ਕਮਿਊਨਿਟੀ ਸਿਹਤ ਅਧਿਕਾਰੀ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਿਰਵਿਘਨ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਕ ਅਪ੍ਰੈਲ ਤੋਂ ਕੋਵਿਡ -19 ਟੀਕਾਕਰਨ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਖੇ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਕੋਵਿਡ ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਵਿਚ ਹੋਰ ਵਧੇਰੇ ਕੁਸ਼ਲਤਾ ਲਿਆਉਣ ਲਈ ਪੁਲਿਸ, ਸਿਹਤ ਅਤੇ ਮਾਲ ਵਿਭਾਗ ਦੇ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਉਹਨਾਂ ਕੋਵਿਡ -19 ਮਹਾਂਮਾਰੀ ਵਿਰੁੱਧ ਨਿਰੰਤਰ ਕੰਮ ਜਾਰੀ ਰੱਖਣ ਲਈ ਸਾਰੇ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਇਸ ਤੋਂ ਪਹਿਲਾਂ ਡੀਜੀਪੀ-ਕਮ-ਐਮਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਸ੍ਰੀ ਐਮ ਕੇ ਤਿਵਾੜੀ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਹੁਡਕੋ ਤੋਂ 74 ਨਵੇਂ ਪੁਲਿਸ ਸਟੇਸ਼ਨਾਂ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ 10 ਦਫ਼ਤਰਾਂ ਦੀ ਉਸਾਰੀ ਲਈ 150 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਅਤੇ ਇਹਨਾਂ ਇਮਾਰਤਾਂ ਦੀ ਉਸਾਰੀ ਦਾ ਕੰਮ ਨਵੰਬਰ 2021 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਰਾਣੀਆਂ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਦੇ ਸਮੇਂ ਸਿਰ ਨਵੀਨੀਕਰਣ / ਮੁਰੰਮਤ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਵਿਭਾਗਾਂ ਵਿੱਚ ਪ੍ਰਭਾਵਸ਼ਾਲੀ ਕੰਮਕਾਜ ਅਤੇ ਜਨਤਕ ਸੇਵਾਵਾਂ ਦੀ ਸਹੀ ਸਪੁਰਦਗੀ ਨੂੰ ਯਕੀਨੀ ਬਣਾਇਆ ਜਾ ਸਕੇ।