ਬੋਲੇ ਅਤੇ ਗੂੰਗੇ ਦਿਵਿਆਂਗਾ ਦੀ ਭਾਰਤੀ ਸੰਕੇਤਿਕ ਭਾਸ਼ਾ ਸਬੰਧੀ ਇਕ ਰੋਜਾ ਟ੍ਰੇਨਿੰਗ ਆਯੋਜਿਤ
ਚੰਡੀਗੜ, 3 ਮਾਰਚ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਬਹਿਰੇਪਨ ਦੀ ਰੋਕਥਾਮ ਅਤੇ ਕੰਟਰੋਲ ਲਈ ਚਲਾਏ ਜਾ ਰਹੇ ਰਾਸਟਰੀ ਪ੍ਰੋਗਰਾਮ ਅਧੀਨ ਸੁਣਨ ਸਕਤੀ ਸਬੰਧੀ ਵਿਸਵ ਦਿਵਸ ਮੌਕੇ ਸੰਗੀਤਾ ਹੈਂਡ ਐਂਡ ਆਈ ਫਾਉਂਡੇਸਨ ਦੇ ਸਹਿਯੋਗ ਨਾਲ ਮੋਹਾਲੀ ਵਿਖੇ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਮਾਸ ਮੀਡੀਆ ਅਫਸਰਾਂ ਅਤੇ ਬਲਾਕ ਐਕਸਟੈਂਸਨ ਐਜੂਕੇਟਰਾਂ ਨੂੰ ਬੋਲੇ ਅਤੇ ਗੂੰਗੇ ਦਿਵਿਆਂਗ ਵਿਅਕਤੀਆਂ ਦੀ ਸੰਕੇਤਿਕ ਭਾਸਾ (ਆਈ.ਐਸ.ਐਲ) ਦੀ ਇਕ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਅਸਿਸਟੈਂਟ ਡਾਇਰੈਕਟਰ ਡਾ.ਬਲਜੀਤ ਕੌਰ ਨੇ ਸੰਕੇਤਿਕ ਭਾਸ਼ਾ ਦੀ ਸਿਖਲਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਸੰਕੇਤਿਕ ਭਾਸਾ ਬੋਲੇ ਅਤੇ ਗੂੰਗੇ ਵਿਅਕਤੀਆਂ ਦੀ ਮੁੱਢਲੀ ਭਾਸਾ ਹੈ। ਜਿਸ ਦੀ ਪੂਰਨ ਤੌਰ ਤੇ ਆਪਣੀ ਇਕ ਵਿਆਕਰਨ ਅਤੇ ਰਚਨਾ ਹੈ। ਕਿਸੇ ਵੀ ਖਿੱਤੇ ਦੀ ਭਾਸਾ ਹੀ ਹੈ ਜੋ ਹਰੇਕ ਨੂੰ ਆਪਣੀ ਪਹਿਚਾਣ ਸੰਸਕਿ੍ਰਤੀ ਅਤੇ ਆਤਮ-ਨਿਰਭਰਤਾ ਪ੍ਰਦਾਨ ਕਰਦੀ ਹੈ। ਦੂਸਰੀਆਂ ਭਾਸ਼ਾਵਾਂ ਵਾਂਗ ਸੰਕੇਤਿਕ ਭਾਸ਼ਾ ਦਾ ਵੀ ਬਰਾਬਰ ਦਾ ਮਹੱਤਵ ਹੈ।
ਆਈ.ਐਸ.ਐਲ. ਦੇ ਇੰਟਰਪਰੇਟਰ (ਦੁਭਾਸ਼ੀਏ) ਸ੍ਰੀ ਹਿਤੇਸ਼ ਨੇ ਕਿਹਾ ਕਿ ਇਹ ਸੰਕੇਤਿਕ ਭਾਸ਼ਾ ਰਾਹੀਂ ਗੂੰਗੇ ਬੋਲੇ ਦਿਵਿਆਂਗ ਇਕ ਦੂਸਰੇ ਨਾਲ, ਪਰਿਵਾਰਕ ਮੈਂਬਰਾਂ ਅਤੇ ਸਮਾਜ ਵਿੱਚ ਸੰਚਾਰ ਕਰਦੇ ਹਨ ਅਤੇ ਸੰਕੇਤਿਕ ਭਾਸ਼ਾ ਬਾਰੇ ਜਾਣਕਾਰੀ ਹਾਸਲ ਕਰਕੇ ਹੀ ਵਿਚਾਰਾਂ ਦੇ ਅਦਾਨ ਪ੍ਰਦਾਨ ਦੀ ਰੁਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ। ਸਾਨੂੰ ਅਜਿਹੇ ਲੋਕਾਂ ਨੂੰ ਤਰਸ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ, ਸਗੋਂ ਸੁਚੇਤ ਹੋ ਕੇ ਸੰਕੇਤਿਕ ਭਾਸ਼ਾ ਦੀ ਸਿਖਲਾਈ ਅਤੇ ਜਾਗਰੂਕਤਾ ਫੈਲਾ ਕੇ ਉਹਨਾਂ ਦੀ ਗਲੱਬਾਤ ਜਾਨਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਢੁੱਕਵੀਂ ਸਲਾਹ ਦੇਣੀ ਚਾਹੀਦੀ ਹੈ। ਬੋਲੇ ਤੇ ਗੂੰਗੇ ਦਿਵਿਆਂਗ ਵਿਅਕਤੀ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ।
ਇਸ ਮੌਕੇ ਸਟੇਟ ਮਾਸ ਮੀਡੀਆ ਬ੍ਰਾਂਚ ਦੇ ਮੁਖੀ ਪਰਮਿੰਦਰ ਸਿੰਘ ਅਤੇ ਟ੍ਰੇਨਿੰਗ ਕੋਆਰਡੀਨੇਟਰ ਜਗਜੀਵਨ ਸ਼ਰਮਾ ਨੇ ਸਮੂਹ ਜ਼ਿਲਾ ਪੱਧਰ ਤੋਂ ਸਿਖਲਾਈ ਪ੍ਰਾਪਤ ਕਰਨ ਆਏ ਅਧਿਕਾਰੀਆਂ ਨੂੰ ਇਸ ਵਿਸ਼ੇ ਸਬੰਧੀ ਆਪਣੇ-ਆਪਣੇ ਜ਼ਿਲੇ ਵਿੱਚ ਜਾ ਕੇ ਪੈਰਾ-ਮੈਡੀਕਲ ਅਤੇ ਮੈਡੀਕਲ ਸਟਾਫ ਨੂੰ ਜਾਣਕਾਰੀ ਦੇਣ ਲਈ ਵਚਨਬੱਧ ਕੀਤਾ ਤਾਂ ਜੋ ਇਸ ਵਿਸ਼ੇ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾ ਸਕੇ।
ਇਸ ਮੌਕੇ ਟਰੇਨਿੰਗ ਵਿੱਚ ਭਾਗ ਲੈਣ ਆਏ ਮੈਂਬਰਾਂ ਵਿੱਚੋਂ ਬਲਾਕ ਐਕਸਟੈਂਸਨ ਐਜੂਕੇਟਰ ਡਾ. ਚਾਵਲਾ ਅਤੇ ਸਵਾਤੀ ਸਚਦੇਵਾ ਨੇ ਟਰੇਨਿੰਗ ਨੂੰ ਬਹੁਤ ਹੀ ਲਾਹੇਵੰਦ ਅਤੇ ਸਫਲ ਦੱਸਿਆ।