ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਪਾਰਟੀ ਛੱਡੀ
ਮਾਨਸਾ, 9 ਜਨਵਰੀ (ਵਿਸ਼ਵ ਵਾਰਤਾ)-ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ। ਉਹ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵੀ ਚੁਣੇ ਗਏ ਸਨ, ਪਰ ਮਾਮਲਾ ਅਦਾਲਤ ਵਿਚ ਜਾਣ ਕਾਰਨ ਕੁਰਸੀ *ਤੇ ਨਹੀਂ ਸੀ ਬੈਠ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਦੇ ਅਕਾਲੀ ਦਲ ਵਿਚ ਟਕਸਾਲੀ ਵਰਕਰਾਂ ਦੀ ਕੋਈ ਪੁੱਛ-ਪਰਤੀਤ ਨਹੀਂ ਹੈ ਅਤੇ ਇਹ ਪਾਰਟੀ ਹੁਣ ਟਕਸਾਲੀਆਂ ਦੀ ਥਾਂ, ਸਗੋਂ ਇਕ ਕਾਰਪੋਰੇਟ ਘਰਾਣਿਆਂ ਦੀ ਲਿਮਟਿਡ ਪਾਰਟੀ ਬਣਦੀ ਜਾ ਰਹੀ ਹੈ, ਜਿਸ ਵਿੱਚ ਮੌਕਾਪ੍ਰਸਤ ਆਗੂ ਪਾਰਟੀ ਵਰਕਰਾਂ ਨਾਲ ਹਰ ਕਦਮ *ਤੇ ਦੋਗਲੀ ਨੀਤੀ ਵਰਤਕੇ ਪਾਰਟੀ ਧਰੋਹ ਕਮਾ ਰਹੇ ਹਨ।
ਪਾਰਟੀ ਦੇ ਇਸ ਨੌਜਵਾਨ ਆਗੂ ਅਤੇ ਜ਼ਿਲ੍ਹਾ ਯੂਥ ਦੇ ਸ਼ਹਿਰੀ ਪ੍ਰਧਾਨ ਨੇ ਲਿਖਤੀ ਰੂਪ ਵਿਚ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਚਾਰ ਪੀੜੀ੍ਹਆਂ ਤੋਂ ਪਾਰਟੀ ਦਾ ਅਣਥੱਕ ਵਰਕਰ ਰਿਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ਤੋਂ 2003 ਵਿੱਚ ਗਰੇਜੂਏਸ਼ਨ ਕਰਕੇ ਆਪਣਾ ਸਿਆਸੀ ਸਫਰ ਇੱਕ ਵਰਕਰ ਵਜੋਂ ਸ਼ੁਰੂ ਕੀਤਾ ਅਤੇ ਪਾਰਟੀ ਲਈ ਪਰਚਾਰ ਕਰਨ ਤੋਂ ਲੈਕੇ ਪਾਰਟੀ ਸੰਗਠਨ ਤੱਕ ਹਰ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਉਨ੍ਹਾਂ ਵਾਰਡਾਂ ਵਿੱਚ, ਜਿੱਥੇ ਅਕਾਲੀ ਦਲ ਦੇ ਪੋਲੰਿਗ ਬੂਥ ਲਵਾਉਣੇ ਮੁਸ਼ਕਿਲ ਸਨ, ਉਥੇ ਵਰਕਰਾਂ ਨੂੰ ਸੰਗਠਤ ਕਰਕੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਨੌਜਵਾਨ ਆਗੂ ਨੇ ਦਲੀਲਾਂ ਦਿੰਦਿਆਂ ਦੱਸਿਆ ਕਿ ਪਾਰਟੀ ਨੇ 19 ਦਸੰਬਰ 2016 ਨੂੰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਨਗਰ ਕੋਂਸਲ ਦਾ ਪ੍ਰਧਾਨ ਚੁਣਿਆ, ਪਰ ਅਖੋਤੀ ਲੀਡਰਾਂ ਦੀ ਦੋਗਲੀ ਨੀਤੀ ਕਾਰਨ ਉਸ ਸੰਬੰਧੀ ਅੱਜ ਤੱਕ ਨੋਟੀਫਿਕੇਸ਼ਨ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਨੇਤਾਵਾਂ ਨੇ ਚੋਣ ਕਰਵਾਕੇ ਉਨ੍ਹਾਂ ਨੂੰ ਪ੍ਰਧਾਨ ਦਾ ਬਣਾ ਦਿੱਤਾ, ਪਰ ਇਕ ਸਾਜਿਸ਼ ਤਹਿਤ ਨੋਟੀਫਿਕੇਸ਼ਨ ਸਿਰੇ ਨਹੀਂ ਚੜ੍ਹਨ ਦਿੱਤਾ, ਜਿਸ ਕਾਰਨ ਵਰਕਰ ਮਾਰੂ ਲੀਡਰਾਂ ਨੇ ਦੋਵੇਂ ਹੱਥੀ ਲੱਡੂ ਰੱਖੇ, ਹਾਲਾਂਕਿ ਕੋਰਟ ਵੱਲੋਂ ਅੱਜ ਤੱਕ ਵੀ ਕੋਈ ਸਟੇਅ ਆਰਡਰ ਨਹੀਂ ਦਿੱਤਾ ਅਤੇ ਉਹ ਇਕ ਸਾਲ ਖੱਜਲ-ਖੁਆਰੀਆਂ ਝੱਲ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸ੍ਰੋਮਣੀ ਅਕਾਲੀ ਦਲ ਵਿਚ ਹੁਣ ਚੰਗੇ ਵਰਕਰਾਂ ਦਾ ਮੁੱਲ ਨਹੀਂ ਪੈਦਾ ਹੈ, ਸਗੋਂ ਅਹੁਦੇਦਾਰੀਆਂ ਮੁੱਲ ਵਿਕਣ ਲੱਗੀਆਂ ਹਨ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਪੈਸੇ ਵਾਲੇ ਅਮੀਰ ਵਿਅਕਤੀ ਨੂੰ ਅਕਾਲੀ ਦਲ ਨੇ ਪਹਿਲਾਂ ਉਸ ਨੂੰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਤੇ ਫਿਰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾ ਦਿੱਤਾ, ਜਿਸ ਨਾਲ ਚਿਰਾਂ ਤੋਂ ਕੰਮ ਕਰਦੇ ਟਕਸਾਲੀ ਆਗੂਆਂ ਦੇ ਹੌਂਸਲੇ ਪਸਤ ਹੋ ਗਏ। ਉਨ੍ਹਾਂ ਕਿਹਾ ਕਿ ਉਸ ਸਮੇਂ ਪਾਰਟੀ ਵਰਕਰਾਂ ਅਤੇ ਲੋਕਾਂ ਦੀ ਅਵਾਜ਼ ਨੇ ਇਸ ਨਿਯੁਕਤੀ ਨੂੰ ਵਿਕਾਊ ਅਤੇ ਸੌਦਾ ਦੱਸਿਆ ਸੀ। ਆਗੂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਸੜਕਾਂ ਉਪਰ ਧਰਨੇ ਲਾਉਂਦੇ ਸਮੇਂ ਭੀਖੀ ਵਿਖੇ ਉਸ ਸਮੇਤ 70 ਵਰਕਰਾਂ *ਤੇ ਪੁਲੀਸ ਪਰਚੇ ਦਰਜ ਹੋਏ, ਪਰ ਕਈ ਵਰਕਰ ਮਾਰੂ ਲੀਡਰ ਪੁਲੀਸ ਦੀ ਮਿਲੀਭੁਗਤ ਕਾਰਨ ਅਜਿਹੇ ਕੇਸਾਂ ਤੋਂ ਇਕ ਸਾਜਿਸ਼ ਤਹਿਤ ਬਚ ਗਏ। ਉਨ੍ਹਾਂ ਪਾਰਟੀ ਦੇ ਇਕ ਜਿਲ੍ਹਾ ਪ੍ਰਧਾਨ ਦਾ ਬਿਨਾਂ ਨਾਂ ਲਏ ਤੋਂ ਦੋਸ਼ ਲਾਇਆ ਕਿ ਉਨ੍ਹਾਂ ਨੇ ਪਾਰਟੀ ਦੇ ਕਮਾਊ ਪੁੱਤਾਂ ਨੂੰ ਅੱਗੇ ਕਰਕੇ ਟਕਸਾਲੀ ਅਤੇ ਮਿਹਨਤੀ ਵਰਕਰਾਂ ਦੀ ਬਲੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਲਿਖਤੀ ਰੂਪ ਵਿਚ ਦਿੱਤੇ ਪ੍ਰੈਸ ਨੋਟ ਵਿਚ ਇਹ ਵੀ ਦੋਸ਼ ਲਾਇਆ ਕਿ ਪਿਛਲੇ ਦਿਨੀ ਨਗਰ ਕੌਂਸਲ ਮਾਨਸਾ ਦੇ ਮੀਤ ਪ੍ਰਧਾਨ ਦੀ ਚੋਣ ਸਮੇਂ ਪਾਰਟੀ ਵਿਰੋਧੀ ਉਮੀਦਵਾਰ ਮਨਜੀਤ ਸਿੰਘ ਮੀਤਾ ਨੂੰ ਵਰਕਰਾਂ ਦੇ ਵਿਰੋਧ ਦੇ ਬਾਵਜੂਦ ਮੱਦਦ ਕਰਕੇ ਵਰਕਰ ਮਾਰੂ ਲੀਡਰਾਂ ਨੇ ਸੀਨੀਅਰ ਮੀਤ ਪ੍ਰਧਾਨ ਬਣਵਾਇਆ, ਜਦੋਂ ਕਿ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਦੀਪਾ ਮਾਨ (ਭਾਜਪਾ) ਨੂੰ ਜੂਨੀਅਰ ਮੀਤ ਪ੍ਰਧਾਨ ਬਣਵਾਇਆ। ਉਨ੍ਹਾਂ ਕਿਹਾ ਕਿ ਸੋ ਅਜਿਹੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਇਸ ਤਰਾਂ ਦੀਆਂ ਵਰਕਰ ਮਾਰੂ ਨੀਤੀਆਂ ਕਾਰਨ ਉਹ ਅਤੇ ਉਸ ਦਾ ਪਰਿਵਾਰ ਸਮੇਤ ਅਨੇਕਾਂ ਹੋਰ ਵਰਕਰ ਦੁਖੀ ਮਨ ਨਾਲ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕੰਮ ਕਰਨ ਵਾਲੇ ਅਤੇ ਟਕਸਾਲੀ ਵਰਕਰਾਂ ਦੀ ਹੁਣ ਲੋੜ ਨਹੀਂ।
ਇਸੇ ਦੌਰਾਨ ਕਈ ਹੋਰ ਵਰਕਰਾਂ ਨੇ ਦਬੀ ਅਵਾਜ਼ ਵਿੱਚ ਕਿਹਾ ਕਿ ਜੇਕਰ ਪੰਜਾਬ ਦੇ ਪਾਰਟੀ ਪ੍ਰਧਾਨ ਨੇ ਅਜਿਹੇ ਵਪਾਰੀ ਆਗੂਆਂ ਨੂੰ ਨਕੇਲ ਨਾ ਪਾਈ ਤਾਂ ਭਵਿੱਖ ਵਿੱਚ ਪਾਰਟੀ ਨੂੰ ਬਹੁਤ ਭਾਰੀ ਕੀਮਤ ਤਾਰਨੀ ਪਵੇਗੀ।
ਫੋਟੋ ਕੈਪਸ਼ਨ: ਮਨਦੀਪ ਸਿੰਘ ਗੋਰਾ।