ਬਿਜਲੀ ਕੱਟ ਤੇ ਰੁਜਗਾਰ ਮੰਗਦੇ ਅਧਿਆਪਕਾ ਦਾ ਕੁਟਾਪਾ ਕਾਂਗਰਸ ਸਰਕਾਰ ਦੀ ਅਸਫ਼ਲਤਾ – ਜਸਵੀਰ ਸਿੰਘ ਗੜ੍ਹੀ
ਬਸਪਾ ਕੱਲ੍ਹ ਖੁਰਾਲਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਕਰੇਗੀ ਮੋਟਰਸਾਈਕਲ ਰੈਲੀ
ਬਲਾਚੌਰ,8 ਜੁਲਾਈ(ਵਿਸ਼ਵ ਵਾਰਤਾ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟ ਅਤੇ ਰੁਜ਼ਗਾਰ ਮੰਗਦੇ ਅਧਿਆਪਕਾ ਦਾ ਕੁਟਾਪਾ ਕਾਂਗਰਸ ਸਰਕਾਰ ਦੀ ਅਸਫ਼ਲਤਾ ਦੀਆਂ ਮੁੱਖ ਨਿਸ਼ਾਨੀਆਂ ਹਨ। ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀ ਕਿਸੀ ਵੀ ਸਹੂਲਤ ਦਾ ਕੋਈ ਖਿਆਲ ਨਹੀਂ ਹੈ। ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਹੱਦ ਇਥੋਂ ਤਕ ਪੁੱਜ ਚੁੱਕੀ ਹੈ ਕਿ ਚੋਣ ਵਰ੍ਹੇ ਵਿੱਚ ਵੀ ਲੰਬੇ ਬਿਜਲੀ ਕੱਟ, ਬਿਜਲੀ ਉਤਪਾਦਕਾਂ ਦਾ ਘੱਟਣਾ, ਸਨਅਤਕਾਰਾਂ ਨੂੰ 500 ਰੁਪਏ ਪ੍ਰਤੀ ਕੇ. ਵੀ. ਏ. ਜੁਰਮਾਨਾ ਹੋਰ ਵੀ ਜ਼ੁਲਮ ਹੈ। ਜਿਥੇ ਆਮ ਪੰਜਾਬੀ ਗਰਮੀ ਤੋਂ ਪ੍ਰੇਸ਼ਾਨ ਹਨ ਉਥੇ ਹੀ ਬਿਜਲੀ ਨਾਲ ਚੱਲਣ ਵਾਲੇ ਕੰਮ ਕਿੱਤੇ ਤੇ ਸਨਅਤ ਖੇਤਰ ਵੀ ਆਰਥਿਕ ਮੰਦਭਾਲੀ ਦਾ ਸ਼ਿਕਾਰ ਹਨ।
ਇਸ ਦੇ ਨਾਲ ਹੀ ਪੰਜਾਬ ਦੇ ਅਧਿਆਪਕਾਂ ਨਾਲ ਕੁੱਟਮਾਰ ਤੇ ਤਸ਼ੱਦਦ ਨਾਲ ਕਾਂਗਰਸ ਦੇ ਖੋਖਲੇ ਵਾਅਦਿਆਂ ਦੀ ਪੋਲ ਖੁਲ ਚੁੱਕੀ ਹੈ। ਕਾਂਗਰਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਜਾਤੀਵਾਦੀ ਸੋਚ ਇਥੋਂ ਤੱਕ ਬੰਦ ਹੋ ਚੁੱਕੀ ਹੈ ਕਿ ਗੱਠਜੋੜ ਦੀਆਂ ਸੀਟਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਸਬੰਧੀ ਵਿਵਾਦ ਦੇ ਹੱਲ ਲਈ ਕਾਂਗਰਸ ਨੇ ਹਾਲੀਂ ਤੱਕ ਦਲਿਤ- ਬਹੁਜਨ ਸਮਾਜ ਨੂੰ ਗੈਰ-ਪੰਥਕ ਤੇ ਅਪਵਿੱਤਰ ਐਲਾਨਣ ਤੇ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।
ਸ ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ 9 ਜੁਲਾਈ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਮੋਟਰਸਾਈਕਲ ਯਾਤਰਾ ਦਾ ਆਯੋਜਨ ਕਰੇਗੀ। ਕਾਂਗਰਸ ਦੇ ਰਾਜ ਵਿੱਚ ਪੰਜਾਬ ‘ਚ ਸਿਹਤ ਸਿਖਿਆ ਰੁਜ਼ਗਾਰ, ਹਵਾ ਪਾਣੀ ਧਰਤੀ, ਬਿਜਲੀ ਸੜਕ ਪਾਣੀ ਆਦਿ ਮੁਦਿਆਂ ਉੱਪਰ ਕੋਈ ਠੋਸ ਨੀਤੀ ਨਾ ਬਣਾਉਣ ਦੇ ਕਾਰਨ ਪੂਰੇ ਪੰਜਾਬ ਵਿੱਚ ਪੰਜਾਬੀਅਤ ਨੂੰ ਲਾਮਬੰਦ ਕਰਨ ਹਿਤ ਵਿਸ਼ਾਲ ਮੋਟਰ ਸਾਈਕਲ ਯਾਤਰਾਵਾਂ ਦਾ ਆਯੋਜਨ ਕਰੇਗੀ।