-ਸਿਆਸੀ ਦਬਾਅ ਥੱਲੇ ਬੇਵੱਸ ਹੋਏ ਪੁਲਸ-ਪ੍ਰਸ਼ਾਸਨ ਤੇ ਚੋਣ ਕਮਿਸ਼ਨ
-ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲੋਕ
ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਕਾਂਗਰਸ ਸੂਬੇ ‘ਚ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਨਸ਼ਿਆਂ ਅਤੇ ਬਾਹੂਵਲ ਨਾਲ ਲੁੱਟਣਾ ਚਾਹੁੰਦੀ ਹੈ। ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ-ਵਰਕਰਾਂ ਨੇ ਸਮੁੱਚੀ ਸਰਕਾਰੀ ਮਸ਼ੀਨਰੀ ਹਾਈਜੈਕ ਕਰ ਲਈ ਹੈ। ਭਾਰੀ ਸਿਆਸੀ ਦਬਾਅ ਥੱਲੇ ਪੁਲਸ ਅਤੇ ਪ੍ਰਸ਼ਾਸਨ ਅਤੇ ਰਾਜ ਚੋਣ ਕਮਿਸ਼ਨ ਬੇਵੱਸ ਨਜ਼ਰ ਆ ਰਿਹਾ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਦੇ ਜ਼ੋਰ ਨਾਲ ਲੋਕਤੰਤਰਿਕ ਪਰੰਪਰਾਵਾਂ ਦਾ ਸ਼ਰੇਆਮ ਘਾਣ ਕਰ ਰਹੇ ਕਾਂਗਰਸੀਆਂ ਅਤੇ ਇਹਨਾਂ ਦੇ ਗੁੱਝੇ ਭਾਈਵਾਲ ਅਕਾਲੀਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਸਮੇਤ ਆਗਾਮੀ ਹਰੇਕ ਚੋਣ ‘ਚ ਚੰਗੀ ਤਰ੍ਹਾਂ ਸਬਕ ਸਿਖਾਉਣ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਦਬਕਿਆਂ ਅਤੇ ਦਬਾਅ ਕਾਰਨ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀ ਪੂਰੀ ਤਰ੍ਹਾਂ ਬੇਵੱਸ ਹੋ ਚੁੱਕੇ ਹਨ ਅਤੇ ਫ਼ੀਲਡ ਡਿਊਟੀਆਂ ਕਰਨ ਤੋਂ ਕਤਰਾਉਣ ਲੱਗੇ ਹਨ ਮੋਗਾ ਦੇ ਏਡੀਸੀ ਸਮੇਤ ਅਜਿਹੀਆਂ ਕਈ ਮਿਸਾਲਾਂ ਪਿਛਲੇ ਸਮੇਂ ਦੌਰਾਨ ਸਾਹਮਣੇ ਆ ਚੁੱਕੀਆਂ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਮੰਗ ਕਰਦੀ ਆ ਰਹੀ ਹੈ ਕਿ ਸੂਬੇ ਦਾ ਪੁਲਸ ਤੰਤਰ ਕਾਂਗਰਸੀਆਂ ਅਤੇ ਅਕਾਲੀ ਆਗੂਆਂ ਅੱਗੇ ਗੋਡੇ ਟੇਕ ਚੁੱਕਿਆ ਹੈ, ਇਸ ਲਈ ਪੰਚਾਇਤੀ ਚੋਣਾਂ ਕੇਂਦਰੀ ਸੁਰੱਖਿਆ ਫੋਸਾਂ ਦੀ ਪਹਿਰੇਦਾਰੀ ਥੱਲੇ ਹੋਵੇ, ਪਰੰਤੂ ਹਾਰ ਦੇ ਡਰੋਂ ਸੱਤਾਧਾਰੀ ਕਾਂਗਰਸ ਨੂੰ ਇਹ ਕਦਮ ਮਨਜ਼ੂਰ ਨਹੀਂ।
ਚੀਮਾ ਨੇ ਦੋਸ਼ ਲਗਾਇਆ ਕਿ 4 ਹਫ਼ਤਿਆਂ ‘ਚ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਵਾਅਦਾ ਕਰ ਕੇ ਸੱਤਾ ‘ਚ ਆਈ ਕੈਪਟਨ ਸਰਕਾਰ ਆਪਣੇ ਕਾਂਗਰਸੀ ਉਮੀਦਵਾਰਾਂ ਨੂੰ ਹਰ ਹੀਲੇ ਜਿਤਾਉਣ ਲਈ ਸ਼ਰਾਬ, ਭੁੱਕੀ, ਅਫ਼ੀਮ, ਨਸ਼ੀਲੀਆਂ ਗੋਲੀਆਂ ਅਤੇ ਹੋਰ ਡਰੱਗਜ਼ ਦੀ ‘ਹੋਮ ਡਲਿਵਰੀ’ ਦੇ ਰਹੀ ਹੈ, ਫਿਰ ਵੀ ਪੁਲਸ ਅਤੇ ਪ੍ਰਸ਼ਾਸਨ ਚੁੱਪ ਹੈ।
ਚੀਮਾ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਉੱਤੇ ਕਾਂਗਰਸੀ ਅਤੇ ਅਕਾਲੀ ਰਲ ਕੇ ਆਮ ਆਦਮੀ ਪਾਰਟੀ ਅਤੇ ਦੂਸਰੇ ਸਾਂਝੇ ਵਿਰੋਧੀ ਉਮੀਦਵਾਰਾਂ ਵਿਰੁੱਧ ਚੋਣ ਲੜ ਰਹੇ ਹਨ, ਜਦਕਿ ਕਾਂਗਰਸ ਵਾਅਦਾ ਖਿਲਾਫੀਆਂ ਅਤੇ ਅਕਾਲੀ ਦਲ ਬੇਅਦਬੀਆਂ ਕਾਰਨ ਆਪਣਾ ਲੋਕ ਆਧਾਰ ਗੁਆ ਚੁੱਕੇ ਹਨ। ਇਸ ਲਈ ਅਕਾਲੀ ਕਾਂਗਰਸੀਆਂ ਨੇ ‘ਆਪ’ ਉਮੀਦਵਾਰਾਂ ਦੇ ਵੱਡੀ ਗਿਣਤੀ ‘ਚ ਬਿਨਾ ਕਾਰਨ ਕਾਗ਼ਜ਼ ਰੱਦ ਕਰਵਾਏ ਗਏ, ਹੁਣ ਬਾਕੀ ਡਟੇ ਉਮੀਦਵਾਰਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਲੋਕਾਂ ਅੰਦਰ ਡਰ ਅਤੇ ਭੈਅ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਮਤਦਾਨ ਘੱਟ ਤੋਂ ਘੱਟ ਹੋਵੇ।
ਇਸ ਨਾਪਾਕ ਗੱਠਜੋੜ ਨੇ ਇੱਕ ਵਾਰ ਫਿਰ ‘ਆਪ’ ਦੇ ਉਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਕਿ ਕੈਪਟਨ ਅਤੇ ਬਾਦਲ ਇੱਕ ਦੂਜੇ ਵਿਰੁੱਧ ਸਦਨ, ਸਟੇਜਾਂ ਜਾਂ ਮੀਡੀਆ ਅੱਗੇ ਤਾਂ ਖ਼ੂਬ ਬੜ੍ਹਕਾਂ ਮਾਰਦੇ ਹਨ ਪਰੰਤੂ ਅੰਦਰੂਨੀ ਤੌਰ ‘ਤੇ ਇੱਕ ਦੂਜੇ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡਦੇ।