* ਕਿਰਤੀਆਂ ਲਈ ਮੈਡੀਕਲ ਤੇ ਖਾਣਾ-ਪੀਣ ਦੀਆਂ ਸਹੂਲਤਾਂ ਯਕੀਨੀ ਬਣਾਉਣਗੇ ਭੱਠਾ ਮਾਲਕ
ਬਰਨਾਲਾ, 31 ਮਾਰਚ ( ਵਿਸ਼ਵ ਵਾਰਤਾ)-ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿਚ ਆਖਿਆ ਕਿ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲੇ ਵਿੱਚ ਕਰਫਿੳੂ ਲਾਗੂ ਹੈ ਤੇ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ ’ਤੇ ਘੁੰਮਣ-ਫਿਰਨ ਤੋਂ ਮਨਾਹੀ ਹੈ।
ਅਜਿਹੀ ਸਥਿਤੀ ਵਿਚ ਕਈ ਵਾਰ ਵੇਖਿਆ ਗਿਆ ਹੈ ਕਿ ਭੱਠਿਆਂ ਦੀ ਲੇਬਰ ਇਕੱਠੀ ਹੋ ਜਾਂਦੀ ਹੈ ਤੇ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਕਾਰਨ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰਨ ਰੂਪ ਵਿੱਚ ਪਾਲਣਾ ਨਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਕਾਰਨ ਅਜਿਹੀ ਲੇਬਰ ਨੂੰ ਇੱਕ ਜਗਾ ਕਰ ਕੇ ਰੱਖੇ ਜਾਣ ਨੂੰ ਮੁੱਖ ਰੱਖਦਿਆਂ ਭੱਠਿਆਂ ਨੂੰ ਚਾਲੂ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜਾਰੀ ਕੀਤੇ ਗਏ ਕਰਫਿਊ ਹੁਕਮਾਂ ਵਿਚ ਕੁਝ ਸੋਧ ਕਰਦਿਆਂ ਕੁਝ ਸ਼ਰਤਾਂ ’ਤੇ ਜ਼ਿਲਾ ਬਰਨਾਲਾ ਦੇੇ ਤਮਾਮ ਨੂੰ ਚਾਲੂ ਕਰਨ ਦੀ ਛੋਟ ਦਿੱਤੀ ਜਾਂਦੀ ਹੈ।
ਇਨਾਂ ਸ਼ਰਤਾਂ ਅਨੁਸਾਰ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਲੇਬਰ ਵਿੱਚ 2-2 ਮੀਟਰ ਦਾ ਫ਼ਾਸਲਾ ਬਣਾ ਕੇ ਰੱਖਿਆ ਜਾਵੇ। ਹਰੇਕ ਕਰਮਚਾਰੀ/ਵਰਕਰ/ਕਿਰਤੀ ਵਲੋਂ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਸੈਨੀਟਾਈਜ਼ਰ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਅਤੇ ਵਰਕਰਾਂ ਦੀ ਕੰਮ ਕਰਨ ਵਾਲੀ ਜਗਾ ਨੂੰ ਸੈਨਾਟਾਈਜ਼ ਕਰਵਾਇਆ ਜਾਵੇ। ਭੱਠਾ ਮਾਲਕ ਇਹ ਯਕੀਨੀ ਯਕੀਨੀ ਬਣਾਉਣਗੇ ਕਿ ਭੱਠੇ ਦੇ ਕਰਮਚਾਰੀ/ਵਰਕਰ/ਲੇਬਰ ਨੂੰ ਪੂਰੀਆਂ ਸਹੂਲਤਾਂ ਭਾਵ ਮੈਡੀਕਲ/ਖਾਣਾ-ਪੀਣਾ/ਵਿੱਤੀ ਸਹਾਇਤਾ (ਜੇਕਰ ਲੋੜ ਹੋਵੇਗੀ) ਮੁਹੱਈਆ ਕਰਵਾਉਣਗੇ। ਭੱਠਾ ਮਾਲਕ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਭੱਠਾ ਖੋਲਣ ਤੋਂ ਪਹਿਲਾਂ ਇਸ ਮੰਤਵ ਲਈ ਤਾਇਨਾਤ ਕੀਤੇ ਗਏ ਜ਼ਿਲਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਬਰਨਾਲਾ ਤੋਂ ਲਿਖ਼ਤੀ ਰੂਪ ਵਿੱਚ ਪਾਸ/ਪ੍ਰਵਾਨਗੀ ਹਾਸਲ ਕਰਨੀ ਯਕੀਨੀ ਬਣਾਉਣਗੇ। ਇਸ ਬਾਰੇ ਉਹ ਈਮੇਲ covid19.foodsupplybnl@gmail.com ਉਪਰ ਪ੍ਰਵਾਨਗੀ ਲੈਣ ਲਈ ਅਪਲਾਈ ਕਰਨਗੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਕਰਮਚਾਰੀ/ਵਰਕਰ/ਲੇਬਰ ਨੂੰ ਇੱਕ ਜਗਾ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੇਬਰ ਸਿਰਫ਼ ਭੱਠੇ ਉਪਰ ਹੀ ਰਹੇਗੀ ਅਤੇ ਭੱਠੇ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ ਅਤੇ ਭੱਠੇ ਨੂੰ ਇਕਾਂਤਵਾਸ () ਕੀਤਾ ਜਾਵੇ। ਜ਼ਿਲਾ ਖੁਰਾਕ ਤੇ ਸਿਵਲ ਕੰਟਰੋਲਰ ਬਰਨਾਲਾ, ਸਹਾਇਕ ਲੇਬਰ ਕਮਿਸ਼ਨਰ ਤੇ ਸਬੰਧਿਤ ਐਸਐਮਓ ਸਮੇਂ ਸਮੇਂ ’ਤੇ ਭੱਠਿਆਂ ਦੀ ਚੈਕਿੰਗ ਕਰਨਗੇ ਕਿ ਕੋਵਿਡ-19 ਮੁਤਾਬਿਕ ਸਮਾਜਿਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਹੋ ਰਹੀ ਹੈ। ਜੇਕਰ ਭੱਠਾ ਮਾਲਕ ਉਕਤ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੀ ਭੱਠਾ ਚਲਾਉਣ ਦੀ ਆਗਿਆ ਰੱਦ ਕਰ ਦਿੱਤੀ ਜਾਵੇਗੀ।
ਤਾਮਾਮ ਲੇਬਰ/ਕਰਮਚਾਰੀਆਂ/ਵਰਕਰ ਨੂੰ ਕਰਫਿਊ/ਲਾਕ ਡਾਊਨ ਦੇ ਸਮੇਂ ਦੌਰਾਨ ਤੱਕ, ਆਪਣੇ ਆਪਣੇ ਭੱਠਾ ਵਿਚ ਹੀ ਰੱਖਿਆ ਜਾਵੇਗਾ ਅਤੇ ਉਨਾਂ ਦੇ ਹਰ ਪ੍ਰਕਾਰ ਦੇ ਮੈਡੀਕਲ/ਖਾਣ ਪੀਣ ਅਤੇ ਰਹਿਣ ਆਦਿ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਭੱਠਾ ਮਾਲਕਾਂ ਦੀ ਹੋਵੇਗੀ।