ਦਵਾਈ ਦੇ ਛਿੜਕਾਅ ਦੀ ਨਹੀਂ ਜਰੂਰਤ
ਬਠਿੰਡਾ, 31 ਮਾਰਚ ( ਕੁਲਬੀਰ ਬੀਰਾ )-ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸੁਸ਼ੀਲ ਕੁਮਾਰ ਨੇ ਅੱਜ ਜ਼ਿਲੇ ਦੇ ਕਿਸਾਨਾਂ ਲਈ ਖੇਤੀ ਸਲਾਹ ਜਾਰੀ ਕਰਦਿਆਂ ਦੱਸਿਆ ਹੈ ਕਿ ਹਾਲੇ ਤੱਕ ਜ਼ਿਲੇ ਵਿਚ ਪੀਲੀ ਕੂੰਗੀ ਦੇ ਹਮਲੇ ਦੀ ਕੋਈ ਸੂਚਨਾ ਰਿਪੋਟ ਨਹੀਂ ਹੋਈ ਹੈ। ਉਨਾਂ ਨੇ ਦੱਸਿਆ ਕਿ ਵਿਭਾਗ ਲਗਾਤਾਰ ਆਪਣੇ ਕਿਸਾਨਾਂ ਨਾਲ ਰਾਬਤਾ ਰੱਖ ਰਿਹਾ ਹੈ। ਉਨਾਂ ਨੇ ਕਿਹਾ ਫਿਲਹਾਲ ਕਿਸਾਨ ਪੀਲੀ ਕੂੰਗੀ ਦੇ ਕਿਸੇ ਡਰ ਕਾਰਨ ਕਣਕ ਦੀ ਫਸਲ ਤੇ ਕੋਈ ਸਪ੍ਰੇਅ ਨਾ ਕਰਨ। ਉਨਾਂ ਨੇ ਕਿਹਾ ਕਿ ਹੁਣ ਜੇਕਰ ਕੋਈ ਹਮਲਾ ਹੋ ਵੀ ਜਾਵੇ ਤਾਂ ਵੀ ਉਸਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ 10 12 ਦਿਨ ਬਾਅਦ ਫਸਲ ਪੱਕਣ ਵਾਲੀ ਹੈ। ਉਨਾਂ ਨੇ ਕਿਹਾ ਕਿ ਹੁਣ ਜੇਕਰ ਕੋਈ ਕਿਸਾਨ ਸਪ੍ਰੇਅ ਕਰਦਾ ਹੈ ਤਾਂ ਉਸਨੂੰ ਵਾਧੂ ਦਾ ਖਰਚਾ ਪਵੇਗਾ ਅਤੇ ਇਸਦਾ ਕੋਈ ਲਾਭ ਨਹੀਂ ਹੋਣਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਕੁਝ ਕਿਸਾਨ ਮੈਗਨੀਜ ਦੀ ਘਾਟ ਨਾਲ ਫਸਲ ਵਿਚ ਵਿਖਾਈ ਦਿੰਦੇ ਪੀਲੇਪਨ ਨੂੰ ਪੀਲੀ ਕੂੰਗੀ ਦਾ ਹਮਲਾ ਸਮਝ ਰਹੇ ਹਨ। ਉਨਾਂ ਨੇ ਕਿਹਾ ਕਿ ਪੀਲੀ ਕੂੰਗੀ ਦੀ ਸਹੀ ਪਹਿਚਾਣ ਇਹ ਹੈ ਕਿ ਕਿਸਾਨ ਖੇਤ ਵਿਚੋਂ ਦੀ ਜਦ ਗੁਜਰਦਾ ਹੈ ਤਾਂ ਉਸਦੇ ਕਪੜਿਆਂ ਨੂੰ ਪੀਲੇ ਰੰਗ ਦਾ ਪਾਊਡਰ ਲੱਗ ਜਾਂਦਾ ਹੈ। ਜਾਂ ਕਣਕ ਦੇ ਪੱਤੇ ਨੂੰੂ ਦੋ ਉਂਗਲਾਂ ਵਿਚ ਫੜ ਕੇ ਖਿੱਚਿਆਂ ਜਾਂਦਾ ਹੈ ਉਂੰਗਲਾਂ ਵਿਚਕਾਰ ਪੀਲਾ ਪਾਉਡਰ ਲੱਗ ਜਾਂਦਾ ਹੈ। ਉਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਪੀਲੀ ਕੂੰਗੀ ਨਹੀਂ ਹੈ। ਉਨਾਂ ਨੇ ਕਿਹਾ ਕਿ ਵੈਸੇ ਵੀ ਪੀਲੀ ਕੂੰਗੀ ਦਾ ਹਮਲਾ ਪਹਿਲਾਂ ਨੀਮ ਪਹਾੜੀ ਇਲਾਕਿਆਂ ਵਿਚ ਹੁੰਦਾ ਹੈ ਅਤੇ ਫਿਰ ਕਿਤੇ ਬਠਿੰਡੇ ਵਰਗੇ ਦੱਖਣੀ ਜ਼ਿਲੇ ਤੱਕ ਪੁੱਜਦਾ ਹੈ ਪਰ ਹਾਲੇ ਤੱਕ ਅਜਿਹਾ ਕਿਤੇ ਨੋਟ ਨਹੀਂ ਹੋਇਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਇਸ ਮੌਕੇ ਦੱਸਿਆ ਕਿ ਕਿਸਾਨਾਂ ਦੇ ਮਾਰਗਦਰਸ਼ਨ ਲਈ ਪੰਜਾਬ ਸਰਕਾਰ ਨੇ ਮੁੱਖ ਦਫ਼ਤਰ ਵਿਖੇ ਹੈਲਪਲਾਈਨ ਵੀ ਸਥਾਪਿਤ ਕੀਤੇ ਗਏ ਹਨ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਟੋਰਲ ਰੂਮ ਵਿੱਚ ਤਾਇਨਾਤ ਅਧਿਕਾਰੀਆਂ ਵਿੱਚ ਬੀਜਾਂ ਦੀ ਉਪਲਬਧਤਾ ਲਈ ਖੇਤੀਬਾੜੀ ਵਿਕਾਸ ਅਫਸਰ ਵਿਕਰਮ ਸਿੰਘ (98155-20190, 79730-82185), ਖਾਦਾਂ ਦੀ ਉਪਲਬਧਤਾ ਲਈ ਏ.ਡੀ.ਓ. (ਇਨਪੁਟਸ) ਸ੍ਰੀ ਗਿਰੀਸ਼ (94782-71833) ਤੇ ਮੁੱਖ ਖਾਦ ਇੰਸਪੈਕਟਰ ਗੁਰਜੀਤ ਸਿੰਘ ਬਰਾੜ (80546-00004), ਕੀਟਨਾਸ਼ਕਾਂ ਦੀ ਉਪਲਬਧਤਾ ਲਈ ਖੇਤੀਬਾੜੀ ਵਿਕਾਸ ਅਫਸਰ ਪੰਕਜ ਸਿੰਘ (94630-73047), ਸਿੰਚਾਈ ਪਾਣੀ ਲਈ ਹਾਈਡ੍ਰੋਲੋਜਿਸਟ ਜਸਵੰਤ ਸਿੰਘ (87258-27072), ਮਸ਼ੀਨਰੀ ਸਬੰਧੀ ਦਿੱਕਤਾਂ ਲਈ ਇੰਜਨੀਅਰ ਰਾਜਨ ਕੁਮਾਰ ਢੱਲ (98551-02604) ਅਤੇ ਫਸਲਾਂ ਦੀ ਬਿਜਾਈ ਤੇ ਹੋਰ ਤਕਨੀਕੀ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਫਸਰ (ਸੂਚਨਾ) ਸੁਰਿੰਦਰ ਸਿੰਘ (98146-65016) ਦੀ ਡਿੳੂਟੀ ਲਾਈ ਗਈ ਹੈ। ਇਹ ਹੈਲਪਲਾਈਨ ਨੰਬਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।