ਬਠਿੰਡਾ ਦੇ ਸੁੰਦਰੀਕਰਨ ਲਈ ਵਿਕਾਸ ਪ੍ਰੋਜੈਕਟਾਂ ‘ਤੇ 8 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਜਰ

37
Advertisement

ਬਠਿੰਡਾ ਦੇ ਸੁੰਦਰੀਕਰਨ ਲਈ ਵਿਕਾਸ ਪ੍ਰੋਜੈਕਟਾਂ ‘ਤੇ 8 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਾ. ਇੰਦਰਬੀਰ ਸਿੰਘ ਨਿੱਜਰ

ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਦੇ ਵਸਨੀਕਾਂ ਲਈ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਮੁੱਖ ਉਦੇਸ਼
ਚੰਡੀਗੜ੍ਹ, 19 ਮਈ: ( ਵਿਸ਼ਵ ਵਾਰਤਾ ) ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਬਠਿੰਡਾ ਨੂੰ ਸੁੰਦਰ ਬਣਾਉਣ ਦੇ ਉਦੇਸ਼ ਨਾਲ ਵਿਕਾਸ ਪ੍ਰੋਜੈਕਟਾਂ ਲਈ ਲਗਭਗ 8 ਕਰੋੜ ਰੁਪਏ ਦੇ ਖਰਚ ਕਰਨ ਦਾ ਫੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਜੋਨ ਨੰ. 5,6,7,8 ਵਿੱਖੇ ਸਿਵਲ ਕੰਮਾਂ ਦੀ ਜਨਰਲ ਰਿਪੇਅਰ ਕਰਵਾਉਣ ‘ਤੇ ਤਕਰੀਬਨ 1.21 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਇਸੇ ਤਰ੍ਹਾਂ ਹੀ ਜੋਨ 1,2,3 ਅਤੇ 4 ਵਿੱਖੇ ਮਿਸਿੰਗ ਡੀ ਬੀ ਪੇਵਿੰਗ ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਆਮ ਮੁਰੰਮਤ ਦੇ ਕੰਮ ‘ਤੇ ਤਕਰੀਬਨ 1.06 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਮੰਤਰੀ ਨੇ ਇਹ ਵੀ ਕਿਹਾ ਕਿ ਬਠਿੰਡਾ ਦੇ ਪਿੰਡ ਹਰ ਰਾਏ ਪੁਰ ਵਿੱਖੇ ਗਊਸ਼ਾਲਾਵਾਂ ਦੇ ਸੈੱਡ ਨੰ.7,8 ਅਤੇ 9 ਦਾ ਨਿਰਮਾਣ ਅਤੇ ਜੋਨ ਨੰ. 1,3,5,6,7 ਅਤੇ 8 ਵਿੱਖੇ ਸੜਕ ਗੱਲੀ ਚੈਂਬਰਾਂ ਦੀ ਸਾਫ-ਸਫਾਈ ਲਈ 1.70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਪੈੱਚ ਵਰਕ ਦਾ ਕੰਮ, ਪੋਦੇ ਲਗਾਉਣ ਲਈ ਬੂਟਿਆਂ ਦੀ ਸਪਲਾਈ ਦਾ ਕੰਮ, ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਡੈਮੇਜ ਹੋਏ ਪੋਲਜ਼ ਨੂੰ ਬਦਲਣ ਦਾ ਕੰਮ ਅਤੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਹਿੱਸੇ ਵਿੱਚ ਐਲ.ਈ.ਡੀ ਲਾਈਟਾਂ ਦੀ ਸਪਲਾਈ/ ਲਗਾਉਣ ਅਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਨੂੰ ਕਰਨ ‘ਤੇ ਤਕਰੀਬਨ 4.06 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਲਈ ਦਫ਼ਤਰੀ ਪ੍ਰਕਿਰਿਆ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਯਤਨ ਸ਼ਹਿਰ ਦੀ ਦਿੱਖ ਨੂੰ ਵਧਾਉਣਗੇ ਅਤੇ ਵਸਨੀਕਾਂ ਲਈ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਨੂੰ ਯਕੀਨੀ ਬਣਾਉਣਗੇ।

ਡਾ: ਨਿੱਜਰ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਲਈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਕਿਸੇ ਛੋਟ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰੇਗਾ।

Advertisement