“ਫੂਡ ਸੇਫਟੀ ਆਨ ਵ੍ਹੀਲਜ਼”; ਬਲਬੀਰ ਸਿੰਘ ਨੇ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ਦਿਖਾਈ ਹਰੀ ਝੰਡੀ
• ਭੋਜਨ ਵਿੱਚ ਮਿਲਾਵਟਖੋਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸਿਹਤ ਮੰਤਰੀ
• 50 ਰੁਪਏ ਦੀ ਮਾਮੂਲੀ ਕੀਮਤ ‘ਤੇ 70 ਕਿਸਮਾਂ ਦੇ ਟੈਸਟ ਉਪਲਬਧ
ਚੰਡੀਗੜ੍ਹ, 13 ਦਸੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ, ਖਰੜ ਤੋਂ 8 ‘ਫੂਡ ਸੇਫਟੀ ਆਨ ਵ੍ਹੀਲਜ਼’ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦੇਣ ਨਾਲ ਸੂਬੇ ਵਿੱਚ ਅਜਿਹੀਆਂ ਵੈਨਾਂ ਦੀ ਕੁੱਲ ਗਿਣਤੀ 15 ਹੋ ਗਈ ਹੈ।
ਸਿਹਤ ਮੰਤਰੀ ਨੇ ਐਫ.ਡੀ.ਏ. ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਫੂਡ ਸੇਫਟੀ ਵੈਨਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵਿਭਾਗ ਦੀਆਂ ਸਾਰੀਆਂ ਨੀਤੀਆਂ ਨੂੰ ਪਾਰਦਰਸ਼ੀ ਢੰਗ ਨਾਲ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ “ਸ਼ੁਧ ਅੰਨ” ਨਾਲ ਹੀ “ਸ਼ੁਧ ਮਨ ਅਤੇ ਸਵਾਸਥ ਤਨ” ਹਾਸਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੁਹਰਾਇਆ ਕਿ ਭੋਜਨ ਵਿੱਚ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਦੀ ਜਾਂਚ ਲਈ ਇਨ੍ਹਾਂ ਵੈਨਾਂ ਦੀ ਵਰਤੋਂ ਕਰਨ। ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਸਲਾਹ ਦਿੱਤੀ ਕਿਉਂਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾਲ ਵੱਡੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ 50 ਰੁਪਏ ਦੀ ਮਾਮੂਲੀ ਕੀਮਤ ‘ਤੇ ਇਨ੍ਹਾਂ ਵੈਨਾਂ ਰਾਹੀਂ ਆਪਣੇ ਭੋਜਨ ਪਦਾਰਥਾਂ ਦੀ ਜਾਂਚ ਕਰਵਾ ਸਕਦਾ ਹੈ ਅਤੇ ਮੌਜੂਦਾ ਸਮੇਂ 70 ਤਰ੍ਹਾਂ ਦੇ ਟੈਸਟ ਉਪਲਬਧ ਹਨ।
ਉਨ੍ਹਾਂ ਨੇ ਭੋਜਨ ਵਿੱਚ ਬੈਕਟੀਰੀਆ ਦੀ ਲਾਗ ਦਾ ਪਤਾ ਲਗਾਉਣ ਲਈ ਭੋਜਨ ਦੀ ਮਾਈਕ੍ਰੋਬਾਇਲ ਟੈਸਟਿੰਗ ਨੂੰ ਸ਼ਾਮਲ ਕਰਨ ਲਈ ਟੈਸਟਿੰਗ ਸਹੂਲਤ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਾ. ਬਲਬੀਰ ਸਿੰਘ ਨੇ ਨਵੀਂ ਸਥਾਪਿਤ ਕੀਤੀ ਫੂਡ ਮਾਈਕਰੋਬਾਇਓਲੋਜੀ ਲੈਬਾਰਟਰੀ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਫੂਡ ਅਤੇ ਡਰੱਗਜ਼ ਦੀ ਟੈਸਟਿੰਗ ਅਤੇ ਖਾਸ ਤੌਰ ‘ਤੇ ਪੈਥੋਜਨ ਟੈਸਟਿੰਗ, ਐਂਟੀਬਾਇਓਟਿਕ ਰਸਿਸਟੈਂਸ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਅਤੇ ਜਿਮ ਵਿੱਚ ਵਰਤੇ ਜਾਂਦੇ ਪੂਰਕਾਂ ਵਿੱਚ ਸਟੀਰੌਇਡਜ਼ ਦਾ ਪਤਾ ਲਗਾਉਣ ਵਾਲੇ ਟੈਸਟਾਂ ਦੇ ਸਬੰਧ ਵਿੱਚ ਲੈਬ ਨੂੰ ਅਪਗ੍ਰੇਡ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਐਫਐਸਐਸਏਆਈ ਦੇ ਡਾਇਰੈਕਟਰ ਡਾ. ਅਜੈ ਪ੍ਰਕਾਸ਼ ਗੁਪਤਾ ਵੀ ਮੌਜੂਦ ਸਨ।