ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਵੱਡਾ ਉਲਟਫੇਰ ; ਅਰਜਨਟੀਨਾ ਨੂੰ ਸਾਊਦੀ ਅਰਬ ਨੇ ਹਰਾਇਆ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ)- ਫੀਫਾ ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਵੱਡਾ ਰੋਮਾਂਚ ਦੇਖਣ ਨੂੰ ਮਿਲਿਆ। ਖਿਤਾਬ ਦੀ ਦਾਅਵੇਦਾਰ ਮੰਨੀ ਜਾਂਦੀ ਅਰਜਨਟੀਨਾ ਨੂੰ ਦੁਨੀਆ ਦੀ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ 2-1 ਨਾਲ ਹਰਾਇਆ। ਇਸ ਨਾਲ ਹੁਣ ਅਰਜਨਟੀਨਾ ਗਰੁੱਪ-ਸੀ ‘ਚ ਆਖਰੀ ਸਥਾਨ ‘ਤੇ ਪਹੁੰਚ ਗਿਆ ਹੈ। ਸਾਊਦੀ ਅਰਬ ਨੇ ਦੂਜੇ ਹਾਫ ‘ਚ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਗੋਲ ਕੀਤੇ। ਅਲ-ਸ਼ਹਰਾਨੀ ਨੇ 48ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਅਰਜਨਟੀਨਾ ਲਈ ਲਿਓਨੇਲ ਮੇਸੀ ਨੇ 10ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਦੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ।
ਇਸ ਹਾਰ ਨਾਲ ਅਰਜਨਟੀਨਾ ਦਾ ਲਗਾਤਾਰ 36 ਮੈਚਾਂ ਵਿੱਚ ਅਜੇਤੂ ਰਹਿਣ ਦਾ ਸਿਲਸਿਲਾ ਟੁੱਟ ਗਿਆ। ਇਸ ਦੌਰਾਨ ਅਰਜਨਟੀਨਾ ਨੇ 25 ਮੈਚ ਜਿੱਤੇ ਅਤੇ 11 ਡਰਾਅ ਖੇਡੇ। ਅਰਜਨਟੀਨਾ ਹੁਣ 27 ਨਵੰਬਰ ਨੂੰ ਮੈਕਸੀਕੋ ਅਤੇ 30 ਦਸੰਬਰ ਨੂੰ ਪੋਲੈਂਡ ਨਾਲ ਭਿੜੇਗੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਾਊਦੀ ਅਰਬ ਦੀ ਇਹ ਤੀਜੀ ਜਿੱਤ ਹੈ।
ਅਰਜਨਟੀਨਾ ਨੂੰ ਹਰਾਉਣ ਤੋਂ ਬਾਅਦ ਸਾਊਦੀ ਅਰਬ ‘ਚ ਜਸ਼ਨ ਦਾ ਮਾਹੌਲ ਹੈ। ਕਿੰਗ ਸਲਮਾਨ ਨੇ ਇਸ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਕਿੰਗ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ ਨੂੰ ਦੇਸ਼ ‘ਚ ਛੁੱਟੀ ਹੋਵੇਗੀ ਤਾਂ ਜੋ ਲੋਕ ਇਸ ਜਿੱਤ ਦਾ ਜਸ਼ਨ ਆਪਣੇ ਤਰੀਕੇ ਨਾਲ ਮਨਾ ਸਕਣ। ‘ਅਲ ਅਰਬੀਆ’ ਵੈੱਬਸਾਈਟ ਮੁਤਾਬਕ ਕਿੰਗ ਸਲਮਾਨ ਨੂੰ ਉਨ੍ਹਾਂ ਦੇ ਪੁੱਤਰ ਅਤੇ ਪ੍ਰਧਾਨ ਮੰਤਰੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਛੁੱਟੀ ਦਾ ਐਲਾਨ ਕਰਨ ਦੀ ਸਲਾਹ ਦਿੱਤੀ ਸੀ। ਬੁੱਧਵਾਰ ਨੂੰ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ‘ਚ ਛੁੱਟੀ ਹੋਵੇਗੀ।