ਫਿਰ ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ!
ਚੰਡੀਗੜ੍ਹ 16 ਜਨਵਰੀ(ਵਿਸ਼ਵ ਵਾਰਤਾ)- ਬਲਾਤਕਾਰ ਅਤੇ ਕਤਲ ਵਰਗੇ ਘਿਨੌਣੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ।ਜਾਣਕਾਰੀ ਅਨੁਸਾਰ ਡੇਰਾਮੁਖੀ ਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਰਾਮ ਰਹੀਮ ਪੈਰੋਲ ਪੂਰੀ ਕਰਕੇ ਵਾਪਸ ਜੇਲ੍ਹ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਮਹਾਂਪੁਰਸ਼ ਸ਼ਾਹ ਸਤਨਾਮ ਦਾ ਜਨਮ ਦਿਨ ਹੈ। ਹਰ ਸਾਲ ਇਸ ਦਿਨ ਸਿਰਸਾ ਡੇਰੇ ਵੱਲੋਂ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਤਿਸੰਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਵੀ ਵੱਡੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਵਿੱਚ ਰਾਮ ਰਹੀਮ ਵੀ ਸ਼ਿਰਕਤ ਕਰਨਾ ਚਾਹੁੰਦਾ ਹੈ।ਡੇਰਾਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ 25 ਜਨਵਰੀ ਨੂੰ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਲਈ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਹੈ। ਪੈਰੋਲ ਦੀ ਅਰਜ਼ੀ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਜ਼ਰੀਏ ਤੋਂ ਵਿਚਾਰ ਕਰ ਰਿਹਾ ਹੈ, ਕਿਉਂਕਿ ਇਹ ਸਰਕਾਰ ਲਈ ਵੱਡਾ ਖਤਰਾ ਵੀ ਸਾਬਤ ਹੋ ਸਕਦਾ ਹੈ। ਇਸ ਲਈ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ ਆਰਡਰ ਦੀ ਫਾਈਲ ਸਿਰਸਾ ਦੇ ਡੀਸੀ ਕੋਲ ਵੀ ਪਹੁੰਚ ਗਈ ਹੈ, ਜਿਸ ਦੀ ਸਮੀਖਿਆ ਹੋਣੀ ਬਾਕੀ ਹੈ।