ਫਾਜਿ਼ਲਕਾ ਜਿ਼ਲ੍ਹੇ ਦੀ ਪਰਾਲੀ ਸੰਭਾਲ ਲਈ ਨਿਵੇਕਲੀ ਪਹਿਲ

0
61

ਫਾਜਿ਼ਲਕਾ ਜਿ਼ਲ੍ਹੇ ਦੀ ਪਰਾਲੀ ਸੰਭਾਲ ਲਈ ਨਿਵੇਕਲੀ ਪਹਿਲ
—50 ਹਜਾਰ ਕੁਇੰਟਲ ਪਰਾਲੀ ਭੇਜੀ ਜਾਵੇਗੀ ਗਊਸ਼ਾਲਾਵਾਂ ਵਿਚ
—700 ਹੋਰ ਬੇਸਹਾਰਾ ਜਾਨਵਰਾਂ ਨੂੰ ਮਿਲੇਗਾ ਆਸਰਾ

ਫਾਜਿ਼ਲਕਾ, 26 ਅਕਤੂਬਰ (ਵਿਸ਼ਵ ਵਾਰਤਾ):- ਪਰਾਲੀ ਪ੍ਰਬੰਧਨ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿ਼ਲ੍ਹਾ ਪ੍ਰਸ਼ਾਸਨ ਨੇ ਪਰਾਲੀ ਪ੍ਰਬੰਧਨ ਵਿਚ ਗਊਸਾ਼ਲਾਵਾਂ ਨੂੰ ਭਾਗੀਦਾਰ ਬਣਾਇਆ ਹੈ। ਇੰਨ੍ਹਾਂ ਗਊਸਾਲਾਵਾਂ ਵਿਚ ਇਸ ਪਰਾਲੀ ਨੂੰ ਪਸੂ ਚਾਰੇ ਵਜੋਂ ਵਰਤਿਆਂ ਜਾਵੇਗਾ। ਇਸ ਪ੍ਰੋਜ਼ੈਕਟ ਤਹਿਤ ਇੰਨ੍ਹਾਂ ਗਉ਼ਸਾਲਾਵਾਂ ਦੀ ਪ੍ਰਸ਼ਾਸਨ ਵੱਲੋਂ ਪਰਾਲੀ ਖਰੀਦ ਵਿਚ ਮਦਦ ਕੀਤੀ ਜਾਵੇਗੀ ਅਤੇ ਬਦਲੇ ਵਿਚ ਇਹ ਗਉਸ਼ਾਲਾਵਾਂ ਪਰਾਲੀ ਲੈਣ ਦੇ ਨਾਲ ਨਾਲ ਹੋਰ ਬੇਸਹਾਰਾ ਜਾਨਵਾਰਾਂ ਨੂੰ ਵੀ ਆਸਰਾ ਦੇਣਗੀਆਂ। ਇਸ ਤਰਾਂ ਇਕ ਪਾਸੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਹੋ ਸਕੇਗੀ ਦੂਜੇ ਪਾਸੇ ਹੋਰ ਜਿਆਦਾ ਬੇਸਹਾਰਾ ਜਾਨਵਰਾਂ ਦੀ ਗਊਸਾ਼ਲਾਵਾਂ ਵਿਚ ਸੰਭਾਲ ਹੋ ਸਕੇਗੀ ਜ਼ੋ ਕਿ ਹੁਣ ਬੇਸਹਾਰਾ ਫਿਰਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ।ਇਹ ਗਉਸ਼ਾਲਾਵਾਂ ਵੱਖ ਵੱਖ ਐਨਜੀਓ ਵੱਲੋਂ ਚਲਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇੱਥੇ ਵੱਖ ਵੱਖ ਗਉ਼ਸਾਲਾ ਕਮੇਟੀਆਂ ਦੇ ਅਹੁਦੇਦਾਰਾਂ, ਖੇਤੀਬਾੜੀ, ਪੇਂਡੂ ਵਿਕਾਸ, ਪਸ਼ੂ ਪਾਲਣ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੀ ਬੈਠਕ ਕਰਕੇ ਇਸ ਪ੍ਰੋਜ਼ੈਕਟ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪ੍ਰੋਜ਼ੈਕਟ ਦੀ ਸੰਪੂਰਨ ਕਾਰਜ ਪ੍ਰਣਾਲੀ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰ ਕਰਵਾ ਲਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜਿ਼ਲ੍ਹੇ ਦੀਆਂ 27 ਗਊਸਾਲਾਵਾਂ ਨੂੰ ਪ੍ਰੋਜ਼ੈਕਟ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚੋਂ ਇਕ ਸਰਕਾਰੀ ਕੈਂਟਲ ਪੌਂਡ ਵੀ ਸ਼ਾਮਿਲ ਹੈ। ਇੰਨ੍ਹਾਂ ਗਊਸ਼ਾਲਾਵਾਂ ਵਿਚ ਉਨ੍ਹਾਂ ਦੀ ਸਮਰੱਥ, ਪਰਾਲੀ ਸਟੋਰ ਕਰਨ ਲਈ ਉਪਲਬੱਧ ਸਥਾਨ ਅਤੇ ਜਾਨਵਰਾਂ ਦੀ ਗਿਣਤੀ ਦੇ ਅਨੁਪਾਤ ਵਿਚ ਪਰਾਲੀ ਭੇਜੀ ਜਾਵੇਗੀ। ਇਸ ਲਈ ਪ੍ਰਸ਼ਾਸਨ ਇੰਨ੍ਹਾਂ ਦੀ ਮਦਦ ਕਰੇਗਾ ਜਦ ਕਿ ਪਰਾਲੀ ਜ਼ੋ ਕਿ ਜਾਨਵਰਾਂ ਦੇ ਭੋਜਨ ਦਾ ਮੁੱਖ ਸਰੋਤ ਹੋਵੇਗਾ ਦੀ ਵਿਵਸਥਾ ਹੋ ਜਾਣ ਤੇ ਇਹ ਗਉ਼ਸਾਲਾਵਾਂ ਹੋਰ ਬੇਸਹਾਰਾ ਜਾਨਵਰਾਂ ਨੂੰ ਆਸਰਾ ਦੇਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਦੀਆਂ 27 ਗਊਸਾ਼ਲਾਵਾਂ ਵਿਚ 49500 ਕੁਇੰਟਲ ਪਰਾਲੀ ਦੀ ਸੰਭਾਲ ਦੇ ਨਾਲ ਨਾਲ ਇੰਨ੍ਹਾਂ ਵਿਚ 700 ਹੋਰ ਬੇਸਹਾਰਾ ਜਾਨਵਰ ਵੀ ਸੰਭਾਲੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਕਿਸਾਨਾਂ ਅਤੇ ਗਉਸਾ਼ਲਾਵਾਂ ਵਿਚ ਤਾਲਮੇਲ ਕਰਵਾਏਗਾ ਜਦ ਕਿ ਪਸ਼ੂ ਪਾਲਣ ਵਿਭਾਗ ਟੈਗਿੰਗ ਤੋਂ ਬਾਅਦ ਹੋਰ ਪਸੂ ਗਉਸਾ਼ਲਾਵਾਂ ਵਿਚ ਭੇਜਣ ਦੀ ਕਾਰਵਾਈ ਪੂਰੀ ਕਰਵਾਏਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਗਉਸ਼ਾਲਾ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਅੱਗੇ ਤੋਂ ਵੀ ਗਉਸ਼ਾਲਾਵਾਂ ਦੀ ਹਰ ਪ੍ਰਕਾਰ ਨਾਲ ਮਦਦ ਜਾਰੀ ਰੱਖੇਗਾ। ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਰਾਜੀਵ ਛਾਬੜਾ, ਸਰਕਲ ਮਾਲ ਅਫ਼ਸਰ ਤੇ ਗਉ਼ਸਾਲਾ ਕਮੇਟੀਆਂ ਦੇ ਅਹੁਦੇਦਾਰ ਹਾਜਰ ਸਨ।