ਚੰਡੀਗੜ੍ਹ, 28 ਮਾਰਚ ਕੋਵਿਡ-19 ਨੂੰ ਕਾਬੂ ਪਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਪੰਜਾਬ ਸਰਕਾਰ ਨੇ 30 ਜਨਵਰੀ 2020 ਤੋਂ ਬਾਅਦ ਭਾਰਤ ਆਏ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਅਤੇ ਵਿਦੇਸ਼ ਯਾਤਰਾ ਤੋਂ ਪਰਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵੇਰਵਾ ਹੈਲਪਲਾਈਨ ਨੰਬਰ 112 ਉਤੇ ਦਰਜ ਕਰਵਾਉਣ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇਕ ਸਵੈ ਘੋਸ਼ਣਾ ਪ੍ਰੋਫਾਰਮਾ ਵੀ ਜਾਰੀ ਕੀਤਾ ਹੈ, ਜਿਸ ਵਿੱਚ ਪਰਵਾਸੀ ਭਾਰਤੀਆਂ ਤੇ ਵਿਦੇਸ਼ ਯਾਤਰਾ ਤੋਂ ਪਰਤਣ ਵਾਲਿਆਂ ਨੂੰ ਆਪਣਾ ਪਾਸਪੋਰਟ ਨੰਬਰ, ਏਅਰਪੋਰਟ ਦਾ ਨਾਮ, ਭਾਰਤ ਆਉਣ ਦੀ ਤਰੀਕ ਅਤੇ ਪੰਜਾਬ ਆਉਣ ਦੀ ਤਰੀਕ ਜਿਹੇ ਵੇਰਵੇ ਦੇਣੇ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਸਥਾਈ ਸਿਰਨਾਵੇਂ ਜਾਂ ਮੌਜੂਦਾ ਠਹਿਰ ਜਾਂ ਹੋਟਲ ਜੇ ਕੋਈ ਹੈ ਤਾਂ ਉਸ ਬਾਰੇ ਦੱਸਣਾ ਪਵੇਗਾ। ਉਨ੍ਹਾਂ ਨੂੰ ਪੰਜਾਬ ਵਿਚਲੀਆਂ ਆਪਣੀਆਂ ਜਾਣ ਵਾਲੀਆਂ ਵਾਲੀਆਂ ਥਾਵਾਂ ਅਤੇ ਸੰਪਰਕ ਨੰਬਰ ਜਿਵੇਂ ਕਿ ਮੋਬਾਈਲ, ਲੈਂਡਲਾਈਨ ਅਤੇ ਈ-ਮੇਲ ਪਤੇ ਬਾਰੇ ਵੀ ਦੱਸਣਾ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਜੇ ਕਿਸੇ ਪਰਵਾਸੀ ਭਾਰਤੀ ਜਾਂ ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀ ਨੇ ਆਪਣੇ ਵੇਰਵੇ ਜਾਣ-ਬੁੱਝ ਕੇ ਸਰਕਾਰ ਤੋਂ ਲੁਕਾਏ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਇਹ ਜਾਣਕਾਰੀ ਹੈਲਪਲਾਈਨ ਨੰਬਰ 112 ਤੋਂ ਇਲਾਵਾ ਈ-ਮੇਲ dial-112@punjabpolice.gov.in ਅਤੇ ਵੈੱਬਸਾਈਟ https://ners.in/ ਉਤੇ ਵੀ ਭਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਹ ਜਾਣਕਾਰੀ 112 ਮੋਬਾਈਲ ਐਪ ਉਤੇ ਵੀ ਦਰਜ ਕਰ ਸਕਦੇ ਹਨ।