ਚੰਡੀਗੜ੍ਹ, 24 ਮਾਰਚ ਬਜਟ ਇਜਲਾਸ ਦੌਰਾਨ ਵਿਧਾਨ ਸਭਾ ਦੇ ਮੈਂਬਰਾਂ ਨੂੰ ਦਿੱਤੇ ਭਰੋਸੇ ਅਤੇ ਆਪਣੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਮੁੜ-ਗਠਿਤ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਰਮਨ ਬਹਿਲ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ |
ਅੱਜ ਇਥੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਤਰਜਮਾਨ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਰਮਨ ਬਹਿਲ ਦੀ ਨਿਯੁਕਤੀ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ | 27 ਫਰਵਰੀ, 2018 ਨੂੰ 11 ਮੈਂਬਰੀ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਭੰਗ ਕੀਤੇ ਜਾਣ ਬਾਅਦ ਚੇਅਰਮੈਨ ਦਾ ਅਹੁਦਾ ਖਾਲੀ ਹੋ ਗਿਆ ਸੀ |
ਕਾਬਿਲ-ਏ-ਗ਼ੌਰ ਹੈ ਕਿ ਰਮਨ ਬਹਿਲ ਸਾਬਕਾ ਮੰਤਰੀ ਖੁਸ਼ਹਾਲ ਬਹਿਲ ਦੇ ਪੁੱਤਰ ਹਨ ਅਤੇ ਉਹ ਗੁਰਦਾਸਪੁਰ ਅਦਾਲਤ ਵਿੱਚ ਵਕੀਲ ਹਨ | ਉਹ 2008 ਤੋਂ 2012 ਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟ ਮੈਂਬਰ ਰਹੇ | ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2004 ਤੋਂ 2006 ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਸੈਨੇਟ ਮੈਂਬਰ ਅਤੇ ਇਕ ਸਾਲ ਲਈ ਇਸੇ ‘ਵਰਸਿਟੀ ਵਿੱਚ ਸਿੰਡੀਕੇਟ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ | ਸ੍ਰੀ ਰਮਨ ਬਹਿਲ ਗੁਰਦਾਸਪੁਰ ਦੇ ਬੇਅੰਤ ਕਾਲਜ ਆਫ ਇੰਜਨੀਅਰਿੰਗ ਐਾਡ ਟੈਕਨਾਲੋਜੀ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਵੀ ਰਹੇ | ਉਹ ਸਰਹੱਦੀ ਇਲਾਕੇ ਦੀਆਂ ਸਿੱਖਿਆ ਲੋੜਾਂ ਸਬੰਧੀ ਬਣਾਈ ਗੁਰਦਾਸਪੁਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਵੀ ਰਹੇ |