ਪੰਜਾਬ ਸਰਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ: ਡਾ. ਬਲਜੀਤ ਕੌਰ
ਬੱਚਿਆਂ ਦੀ ਭਲਾਈ ਲਈ ਬਾਲ ਅਧਿਕਾਰਾਂ ਬਾਲ ਰੱਖਿਆ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ
ਚੰਡੀਗੜ੍ਹ, 14 ਸਤੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਬੱਚਿਆਂ ਦੀ ਭਲਾਈ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਤਾਂ ਜੋ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਨਵੀਆਂ ਯੋਜਨਾਵਾਂ ਅਤੇ ਸਕੀਮਾਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਇਨਾਂ ਲਾਭਾਂ ਤੋ ਵੰਚਿਤ ਨਾ ਰਹਿ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਉਦੇਸ਼ ਤਹਿਤ ‘ਬਾਲ ਅਧਿਕਾਰਾਂ ਬਾਲ ਰੱਖਿਆ’ ਵਿਸ਼ੇ ‘ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਫਾਰ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਕੰਮ ਕਰ ਰਹੇ ਸਟੇਕਹੋਲਡਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਾਲ ਸੁਰੱਖਿਆ ਅਫਸਰ, ਕਾਉਂਸਲਰ. ਮੈਂਬਰ ਬਾਲ ਭਲਾਈ ਕਮੇਟੀ, ਮੈਂਬਰ, ਜੁਵੇਨਾਇਲ ਜਸਟਿਸ ਬੋਰਡ, ਚਾਇਲਡ ਕੇਅਰ ਇੰਸਟੀਚਿਊਟ ਦੇ ਨੁਮਾਇੰਦੇ, ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਅਤੇ ਸਪੈਸ਼ਲ ਜੁਵੇਨਾਇਲ ਪੁਲਿਸ ਅਫਸਰਾਂ ਵੱਲੋ ਭਾਗ ਲਿਆ ਗਿਆ।
ਮੰਤਰੀ ਵੱਲੋ ਇਸ ਪ੍ਰੋਗਰਾਮ ਵਿਚ ਆਏ ਸਾਰੇ ਸਟੇਕਹੋਲਡਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਲ ਸੋ਼ਸਣ, ਬਾਲ ਮਜਦੂਰੀ, ਬਾਲ ਭਿਖਾਰੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਰਕੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਹਰੇਕ ਬੱਚੇ ਨੂੰ ਉਨਾਂ ਦੇ ਅਧਿਕਾਰਾਂ ਤਹਿਤ ਸਿਖਿਆ, ਮੈਡੀਕਲ ਸਹੂਲਤਾਂ ਅਤੇ ਜਿੰਦਗੀ ਜਿਉਣ ਲਈ ਵਿੱਤੀ ਸਹਾਇਤਾ ਸਹੂਲਤਾਂ ਦਿੱਤੀਆਂ ਜਾਣ ਤਾਂ ਹਰ ਬੱਚੇ ਨੂੰ ਸੁਰੱਖਿਅਤ ਭਵਿੱਖ ਦਿੰਦੇ ਹੋਏ ਦੇਸ ਦਾ ਵਧੀਆ ਅਤੇ ਕਾਮਯਾਬ ਨਾਗਰਿਕ ਬਣਾਇਆ ਜਾ ਸਕਦਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰਿਆ ਵੱਲੋ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਟੇਕਹੋਲਡਰਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਉਦੇਸ ਬਾਰੇ ਜਾਣੂੰ ਕਰਵਾਇਆ। ਉਨਾ ਵੱਲੋ ਵਿਭਾਗ ਦੇ ਸਟੇਕਹੋਲਡਰਾਂ ਬਾਲ ਭਲਾਈ ਕਮੇਟੀ, ਜੁਵੇਨਾਈਲ ਜ਼ਸਟਿਸ ਬੋਰਡ, ਜਿਲਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਕੇਅਰ ਇੰਸਟੀਚਿਊਟਸ ਵੱਲੋ ਕੀਤੇ ਜਾ ਰਹੇ ਬੱਚਿਆਂ ਸਬੰਧੀ ਕੰਮਾਂ ਅਤੇ ਉਨਾਂ ਨੂੰ ਸਿਖਿਆ, ਵੋਕੇਸ਼ਨਲ ਟ੍ਰੇਨਿੰਗ, ਖੇਡਾਂ ਆਦਿ ਵਿਚ ਮੇਨਸਟਰੀਮ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਇਸ ਪ੍ਰੋਗਰਾਮ ਵਿਚ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਬੇਸਹਾਰਾ ਅਤੇ ਲੋੜਵੰਦ ਬੱਚਿਆ ਦੀ ਸੁਰੱਖਿਆ ਲਈ ਵਚਨਬੱਧ ਹੈ ਤਾਂ ਜ਼ੋ ਬੱਚਿਆ ਨੂੰ ਰਾਜ ਵਿੱਚ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆਂ ਨਾਲ ਸਬੰਧਤ ਸਕੀਮਾਂ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਇਟ [email protected] ਤੇ ਉਪਲਬੱਧ ਹੈ।
ਇਸ ਮੌਕੇ ਸ੍ਰੀ ਕੰਨਵਰਦੀਪ ਸਿੰਘ, ਚੇਅਰਪਰਸਨ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ, ਡਾ. ਉਮਾ ਐਸ. ਨਾਇਕ ਚੇਅਰਪਰਸਨ ਐਨ.ਜੀ.ਓ ਇੰਡੀਅਨ ਚਾਈਲਡ ਐਬਿਊਜ਼ ਐਡ ਨਿਗਲੈਕਟ ਐਂਡ ਚਾਈਲਡ ਲੇਬਰ, ਨਵੀ ਦਿੱਲੀ, ਡਾ. ਰਾਜੀਵ ਸੇਠ ਐਡਵਾਇਜਰ, ਸ੍ਰੀ ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ ਕਮ ਸਕੱਤਰ ਡਾਲਸਾ, ਐਸ.ਏ.ਐਸ ਨਗਰ ਅਤੇ ਬਚਪਨ ਬਚਾਓ ਅੰਦੋਲਨ ਦੇ ਡਾਇਰੈਕਟਰ ਸ੍ਰੀ ਵੀ.ਐਸ.ਸੁਕਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।