ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਪਿਛਲੇ ਸਾਲ ‘ਚ ਲਗਾਏ 991 ਕੈਂਪ : ਅਨਮੋਲ ਗਗਨ ਮਾਨ

31
Advertisement

ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਪਿਛਲੇ ਸਾਲ ‘ਚ ਲਗਾਏ 991 ਕੈਂਪ : ਅਨਮੋਲ ਗਗਨ ਮਾਨ

ਚੰਡੀਗੜ੍ਹ, 21 ਮਈ: ( ਵਿਸ਼ਵ ਵਾਰਤਾ ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕਿਰਤ, ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਰਜਿਸ੍ਰਟੇਸ਼ਨ ਕਰਨ ਲਈ ਸਾਲ 2022-23 ਦੌਰਾਨ 991 ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਨੇ ਕਿਹਾ ਕਿ ਜਿਲ੍ਹਾ ਪੱਧਰ ਤੇ ਲਗਾਏ ਗਏ 991 ਜਾਗਰੂਕਤਾ ਕੈਂਪਾਂ ਦੌਰਾਨ 10493 ਉਸਾਰੀ ਕਿਰਤੀਆਂ ਨੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਜੋਕਿ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਹਨ।

ਮੰਤਰੀ ਨੇ ਵਿਆਖਿਆ ਕੀਤੀ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਵਿੱਚ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਐਨਕਾਂ, ਦੰਦਾਂ ਅਤੇ ਸੁਣਨ ਯੰਤਰ ਦੇਣਾ ਅਤੇ ਹੋਰ ਸਕੀਮਾਂ ਆਦਿ ਸ਼ਾਮਿਲ ਹਨ।  ਉਨਾਂ ਕਿਹਾ ਕਿ ਕੋਈ ਵੀ ਉਸਾਰੀ ਕਿਰਤੀ ਜਿਸ ਨੇ ਪਿਛਲੇ 12 ਮਹੀਨਿਆਂ ਵਿਚ 90 ਦਿਨਾਂ ਤੋਂ ਵੱਧ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ ਅਤੇ ਉਸ ਦੀ ਉਮਰ 18-60 ਸਾਲਾਂ ਵਿਚਕਾਰ ਹੋਵੇ ਉਹ ਵਿਅਕਤੀ ਲਾਭਪਾਤਰੀ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਨੇੜੇ ਦੇ ਸੇਵਾ ਕੇਂਦਰ ਵਿਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਸੁਵਿਧਾ ਲਈ ਮੋਬਾਇਲ ਐਪ “ਪੰਜਾਬ ਕਿਰਤੀ ਸਹਾਇਕ“ ਲਾਂਚ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਸ ਮੋਬਾਇਲ ਐਪ ਨਾਲ ਉਸਾਰੀ ਕਿਰਤੀ ਆਪਣੇ ਮੋਬਾਇਲ ਤੋਂ ਖੁੱਦ ਹੀ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰਸ਼ਨ ਕਰ ਸਕਦਾ ਹੈ।

ਉਨ੍ਹਾਂ ਕਿਹਾ ਭਵਿੱਖ ਵਿੱਚ ਵੀ ਕਿਰਤੀਆਂ ਦੀ ਭਲਾਈ ਲਈ ਸਮੇਂ ਸਮੇਂ ਜਿਲ੍ਹਾ ਪੱਧਰ ਤੇ ਹੋਰ ਅਜਿਹੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਕਿਰਤੀ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।

———-

Advertisement