ਲੁਧਿਆਣਾ, 6 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਸ਼ਹਿਰ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਅਗਲੇ ਪੰਜ ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਲਈ 3568 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ, ਜੋ ਕਿ ਸ਼ਹਿਰ ਲੁਧਿਆਣਾ ਦੇ ਵਿਕਾਸ ਲਈ ਹੁਣ ਤੱਕ ਐਲਾਨੀਆਂ ਗਈਆਂ ਰਕਮਾਂ ਵਿੱਚ ਸਭ ਤੋਂ ਵੱਡੀ ਵਿਕਾਸ ਰਾਸ਼ੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਲੁਧਿਆਣਾ ਦੇ ਦੇਸ਼ ਦੇ ਸਭ ਤੋਂ ਵਿਕਸਤ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਦਾ ਟੀਚਾ ਲੈ ਕੇ ਚੱਲਿਆ ਜਾ ਰਿਹਾ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਨਅਤੀ ਅਤੇ ਆਬਾਦੀ ਪੱਖੋਂ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਯੋਜਨਾਬੱਧ ਤਰੀਕੇ ਨਾਲ ਸਿਰੇ ਚਾੜ੍ਹਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਸ਼ਹਿਰ ਦੇ ਵਿਕਾਸ ਲਈ ਬਕਾਇਦਾ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਜਿਸ ਤਹਿਤ ਅਗਲੇ ਪੰਜ ਸਾਲਾਂ ਦੌਰਾਨ 3568 ਕਰੋੜ ਰੁਪਏ ਖਰਚੇ ਜਾਣਗੇ।
ਲੁਧਿਆਣਾ ਵਾਸੀਆਂ ਨੂੰ ਮਿਲੇਗਾ ਨਹਿਰੀ ਪੀਣ ਵਾਲਾ ਪਾਣੀ
ਉਨ੍ਹਾਂ ਕਿਹਾਂ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਾਸੀਆਂ ਨੂੰ ਨਹਿਰ ਦੇ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮੁੱਢਲੇ ਗੇੜ ਵਿੱਚ ਲੁਧਿਆਣਾ, ਪਟਿਆਲਾ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸ਼ਹਿਰ ਲੁਧਿਆਣਾ ਵਿੱਚ ਸਿੱਧਵਾਂ ਨਹਿਰ ਅਤੇ ਸਰਹਿੰਦ ਨਹਿਰ ਦੇ ਸਾਫ਼ ਪਾਣੀ ਦੀ ਇਹ ਸਹੂਲਤ ਮੁਹੱਈਆ ਕਰਵਾਉਣ ਲਈ 2500 ਕਰੋੜ ਰੁਪਏ ਰੱਖੇ ਗਏ ਹਨ। ਇਹ ਪ੍ਰੋਜੈਕਟ ਅਗਲੇ 2 ਸਾਲਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਾਟਰ ਹਾਰਵੈਸਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਬੰਦ ਪਏ 64 ਐਸ.ਟੀ.ਪੀਜ਼ (ਸੀਵਰੇਜ਼ ਟਰੀਟਮੈਂਟ ਪਲਾਂਟ) ਨੂੰ ਮੁੜ ਚਾਲੂ ਕਰਕੇ ਉਹਨਾਂ ਦਾ ਸਹੀ ਉਪਯੋਗ ਕੀਤਾ ਜਾਵੇਗਾ।
ਵਨ ਟਾਈਮ ਸੈਟਲਮੈਂਟ ਸਕੀਮ
ਸ੍ਰੀ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਸ਼ਹਿਰੀ ਲੋਕਾਂ ਵੱਲੋਂ ਸ਼ਹਿਰੀ ਵਿਕਾਸ ਲਈ ਜ਼ਰੂਰੀ ਜਾਇਦਾਦ ਅਤੇ ਹਾਊਸ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸ਼ਹਿਰਾਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਪੈਦਾ ਹੁੰਦੀ ਹੈ। ਇਸ ਰੁਕਾਵਟ ਨੂੰ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਸ਼ਹਿਰ ਵਾਸੀਆਂ ਤੋਂ ਯਕਮੁਸ਼ਤ ਬਕਾਇਆ ਰਾਸ਼ੀ ਲਈ ਜਾਵੇਗੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਮਾਲੀ ਰਾਹਤ ਮਿਲੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜ਼ ਮੁੜ ਸ਼ੁਰੂ ਹੋਣਗੇ।
ਕਪਤਾਨ-ਈ ਸੇਵਾ ਦੀ ਸ਼ੁਰੂਆਤ
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ‘ਕਪਤਾਨ-ਈ ਸੇਵਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸ ਸੇਵਾ ਤਹਿਤ ਸਭ ਤੋਂ ਪਹਿਲਾਂ ਮਕਾਨਾਂ ਸਮੇਤ ਹਰ ਤਰ੍ਹਾਂ ਦੇ ਨਕਸ਼ੇ ਆਨ ਲਾਈਨ ਪਾਸ ਕਰਵਾਉਣ ਦੀ ਸੇਵਾ ਅਗਲੇ 20 ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਨਕਸ਼ੇ ਆਨ-ਲਾਈਨ ਚੜਾਉਣ ਦਾ ਕੰਮ ਇੱਕ ਵੱਡੀ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ। ਨਕਸ਼ਿਆਂ ਦੇ ਆਨ-ਲਾਈਨ ਪਾਸ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਸਮਾਰਟ ਸਿਟੀ ਪ੍ਰੋਜੈਕਟ
ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਲਿਆਂਦੇ ਗਏ ਸਮਾਰਟ ਸਿਟੀ ਪ੍ਰੋਜੈਕਟ ਦਾ ਰਿਵਿਊ ਕੀਤਾ ਜਾ ਰਿਹਾ ਹੈ, ਜਿਸ ‘ਤੇ ਚਾਲੂ ਗੇੜ ਦੌਰਾਨ 396 ਕਰੋੜ ਰੁਪਏ ਖਰਚੇ ਜਾ ਰਹੇ ਹਨ। ਜਿਸ ਵਿੱਚੋਂ 200 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਰੁਕੇ ਵਿਕਾਸ ਕੰਮਾਂ ਲਈ 136 ਕਰੋੜ ਰੁਪਏ ਮਨਜੂਰ
ਸ੍ਰੀ ਸਿੱਧੂ ਨੇ ਦੱਸਿਆ ਕਿ ਪਿਛਲੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਅਪਣਾਈ ਗਈ ਗੈਰ-ਯੋਜਨਾਬੱਧ ਪਹੁੰਚ ਦੇ ਚੱਲਦਿਆਂ ਸ਼ਹਿਰ ਦੇ ਵਿਕਾਸ ਵੱਡੇ ਪੱਧਰ ‘ਤੇ ਰੁਕ ਗਏ ਸਨ। ਇਨ੍ਹਾਂ ਨੂੰ ਮੁੜ ਚਾਲੂ ਕਰਨ ਲਈ 136 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।
ਅਮਰੂਤ ਯੋਜਨਾ ਤਹਿਤ 87 ਕਰੋੜ ਰੁਪਏ ਜਾਰੀ
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਮਰੂਤ ਯੋਜਨਾ ਤਹਿਤ ਸ਼ਹਿਰ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜ਼ਰੂਰੀ ਜਲ ਸਪਲਾਈ ਢਾਂਚਾ ਮਜ਼ਬੂਤ ਕਰਨ ਲਈ 306 ਕਰੋੜ ਰੁਪਏ ਰੱਖੇ ਗਏ ਹਨ ਜਿਸ ਤਹਿਤ 87 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸੀਵਰੇਜ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ 498 ਕਰੋੜ ਰੁਪਏ ਦਾ ਪ੍ਰਸਤਾਵ (ਡੀ.ਪੀ.ਆਰ.) ਤਿਆਰ ਕੀਤਾ ਜਾ ਚੁੱਕਾ ਹੈ।
ਲੁਧਿਆਣਾ ਵਿੱਚ ਬਣੇਗਾ ਪ੍ਰਦਰਸ਼ਨੀ ਕੇਂਦਰ
ਸ਼ਹਿਰ ਵਾਸੀਆਂ, ਸਨਅਤਕਾਰਾਂ ਅਤੇ ਉੱਦਮੀਆਂ ਦੀ ਪਿਛਲੇ ਲੰਮੇ ਸਮੇਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਲੁਧਿਆਣਾ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।
ਸ਼ਹਿਰ ਲਈ ਨਵੇਂ ਪ੍ਰੋਜੈਕਟਾਂ ਦਾ ਐਲਾਨ
ਸ੍ਰ. ਸਿੱਧੂ ਨੇ ਕਿਹਾ ਕਿ ਜਿੱਥੇ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ 136 ਕਰੋੜ ਰੁਪਏ ਖਰਚੇ ਜਾ ਰਹੇ ਹਨ, ਉੱਥੇ ਸ਼ਹਿਰ ਵਿੱਚ ਨਵੇਂ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ। ਜਿਸ ਤਹਿਤ ਫੋਕਲ ਪੁਆਇੰਟ ਨੂੰ ਨਵਿਆਉਣ ਲਈ 120 ਕਰੋੜ ਰੁਪਏ, ਸ਼ਹਿਰ ਲਈ ਸਟੈਟਿਕ ਕੰਪੈਕਟਰ ਸਥਾਪਿਤ ਕਰਨ ਲਈ 40 ਕਰੋੜ ਰੁਪਏ, ਸ਼ਹਿਰ ਵਿੱਚ ਅਤਿ-ਆਧੁਨਿਕ ਸ਼ਹੂਲਤਾਂ ਵਾਲੀਆਂ 4 ਪਾਰਕਾਂ ਸਥਾਪਿਤ ਕਰਨ ਲਈ 15 ਕਰੋੜ ਰੁਪਏ, ਬੁੱਢੇ ਨਾਲੇ ਦੇ ਨਾਲ-ਨਾਲ ਸੜਕ ਬਣਾਉਣ ਲਈ 60 ਕਰੋੜ ਰੁਪਏ, ਸੀ.ਈ.ਟੀ.ਪੀ. ਲਾਉਣ ਲਈ 130 ਕਰੋੜ ਰੁਪਏ, ਸ਼ਹਿਰ ਅਤੇ ਇਲਾਕੇ ਦੇ ਖਿਡਾਰੀਆਂ ਨੂੰ ਉੱਚਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਧਾਨ ਸਭਾ ਹਲਕਾ ਗਿੱਲ ਵਿੱਚ ਆਧੁਨਿਕ ਖੇਡ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ ਜਿਸ ‘ਤੇ 20 ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਸੂਆ ਰੋਡ ਜੋ ਕਿ ਦੋ ਵਿਧਾਨ ਸਭਾ ਹਲਕਿਆਂ ਨੂੰ ਜੋੜਦੀ ਹੈ, ਦੀ ਮੁਰੰਮਤ ਲਈ 4 ਕਰੋੜ ਰੁਪਏ, ਵਿਧਾਨ ਸਭਾ ਹਲਕਾ ਪੂਰਬੀ ਵਿੱਚ ਸਰਕਾਰੀ ਕਾਲਜ ਖੋਲ੍ਹਣ ਲਈ ਮੁੱਢਲੇ ਤੌਰ ‘ਤੇ 3 ਕਰੋੜ ਰੁਪਏ ਰੱਖੇ ਹਨ। 11 ਕਰੋੜ ਦੀ ਲਾਗਤ ਨਾਲ ਡਾ.ਬੀ.ਆਰ.ਅੰਬੇਦਕਰ ਭਵਨ ਦੇ ਉਸਾਰੀ ਕਾਰਜ ਮੁਕੰਮਲ ਕੀਤੇ ਜਾਣਗੇ, ਵਾਰਡ ਨੰ: 44 ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਲਈ 2 ਕਰੋੜ ਰੁਪਏ, ਸ਼ਿਵਾਜੀ ਨਗਰ ਵਿੱਚੋਂ ਲੰਘਦੇ ਗੰਦੇ ਨਾਲੇ ਨੂੰ ਕਵਰ ਕਰਨ ਲਈ 6 ਕਰੋੜ ਰੁਪਏ, ਸਲਾਟਰ ਹਾਊਸ ਦੇ ਆਧੁਨਿਕੀਕਰਨ ਲਈ 20 ਕਰੋੜ ਰੁਪਏ ਰੱਖੇਗ ਏ ਹਨ। ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਨੂੰ 8 ਕਰੋੜ ਰੁਪਏ ਦੀ ਲਾਗਤ ਵਾਲੀ ਇੱਕ ਵਿਸ਼ੇਸ਼ ਫਾਇਰ ਬ੍ਰਿਗੇਡ ਗੱਡੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਆਧੁਨਿਕ ਸਵੀਮਿੰਗ ਪੂਲ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਹਰ ਮੌਸਮ ਦੌਰਾਨ ਤੈਰਾਕੀ ਕੀਤੀ ਜਾ ਸਕਦੀ ਹੈ।
ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜਿਸ ਵੱਲੋਂ ਹਰ ਕੋਈ ਫੈਸਲਾ ਲੋਕਾਂ ਦੇ ਵਿਕਾਸ ਅਤੇ ਹਿੱਤ ਨੂੰ ਸਾਹਮਣੇ ਰੱਖ ਕੇ ਕੀਤੇ ਜਾਂਦਾ ਹੈ। ਜਿਸ ਤਹਿਤ ਜਿੱਥੇ ਔਰਤਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਆਰਥਿਕ ਤੌਰ ‘ਤੇ ਪੱਛੜੇ ਲੋਕਾਂ ਨੂੰ ਮੁਫਤ ਅਤੇ ਰਿਆਇਤੀ ਦਰਾਂ ‘ਤੇ ਘਰ ਮੁਹੱਈਆ ਕਰਵਾਉਣ ਲਈ ਪੰਜਾਬ ਸ਼ਹਿਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਪੰਜਾਬ ਦੇ ਲੱਖਾਂ ਲੋੜਵੰਦ ਪਰਿਵਾਰਾਂ ਨੂੰ ਸਿਰ ‘ਤੇ ਛੱਤ ਮਿਲ ਸਕੇਗੀ।
ਜਗਰਾਉ ਪੁੱਲ ਅਤੇ ਪੱਖੋਵਾਲ ਸੜਕ ‘ਤੇ ਸਥਿਤ ਰੇਲਵੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ
ਇਸ ਤੋਂ ਪਹਿਲਾਂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਦੀ ਸਾਹਰਗ ਜਗਰਾਉਂ ਪੁੱਲ ‘ਤੇ 26 ਕਰੋੜ ਰੁਪਏ ਦੀ ਲਾਗਤ ਵਾਲੇ ਅਤੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਦੇ ਓਵਰ ਬ੍ਰਿਜ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਪੱਖੋਵਾਲ ਸੜਕ ਪ੍ਰੋਜੈਕਟ ‘ਤੇ ਕੁੱਲ 100 ਕਰੋੜ ਰੁਪਏ ਦੀ ਲਾਗਤ ਆਵੇਗੀ। ਉਹਨਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਅਗਲੇ 2 ਸਾਲਾਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਲੋਕ ਇਨਸਾਫ ਪਾਰਟੀ ਦੇ ਆਗੂ ਕਾਂਗਰਸ ਵਿੱਚ ਸ਼ਾਮਿਲ
ਪ੍ਰੈੱਸ ਕਾਨਫਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਕਈ ਸੀਨੀਅਰ ਆਗੂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹਨਾਂ ਵਿੱਚ ਲੋਕ ਇਨਸਾਫ ਪਾਰਟੀ ਦੇ ਇੰਡਸਟਰੀਅਲ ਵਿੰਗ ਦੇ ਸੂਬਾ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਠੁਕਰਾਲ, ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਰਾਜ ਸਿੰਘ, ਸੀਨੀਅਰ ਆਗੂ ਜੈਪਾਲ ਸਿੰਘ ਸੰਧੂ ਸ਼ਾਮਿਲ ਹਨ। ਇਹਨਾਂ ਆਗੂਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਇਹਨਾਂ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ੍ਰੀ ਰਵਨੀਤ ਸਿੰਘ ਬਿੱਟੂ, ਸ੍ਰੀ ਸੁਰਿੰਦਰ ਡਾਵਰ, ਸ੍ਰੀ ਰਾਕੇਸ਼ ਪਾਂਡੇ, ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਕੁਲਦੀਪ ਸਿੰਘ ਵੈਦ, ਸ੍ਰੀ ਸੰਜੇ ਤਲਵਾੜ (ਸਾਰੇ ਵਿਧਾਇਕ), ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸ੍ਰੀ ਪ੍ਰਦੀਪ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀ ਜਸਕਿਰਨ ਸਿੰਘ ਕਮਿਸ਼ਨਰ ਨਗਰ ਨਿਗਮ, ਸ੍ਰੀ ਰਿਸ਼ੀਪਾਲ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ, ਡਾ. ਅਮਰ ਸਿੰਘ, ਸ੍ਰੀ ਅਮਰਜੀਤ ਸਿੰਘ ਟਿੱਕਾ, ਸ੍ਰੀ ਰਾਜੀਵ ਰਾਜਾ, ਸ੍ਰੀ ਭੁਪਿੰਦਰ ਸਿੰਘ ਸਿੱਧੂ, ਸ੍ਰੀ ਜੱਸੀ ਖੰਗੂੜਾ, ਸ੍ਰੀ ਕਮਲਜੀਤ ਸਿੰਘ ਕੜਵਲ, ਸ੍ਰੀ ਸੁਸ਼ੀਲ ਮਲਹੋਤਰਾ (ਸਾਰੇ ਸੀਨੀਅਰ ਕਾਂਗਰਸੀ ਆਗੂ) ਤੋਂ ਇਲਾਵਾ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
Batala News: ਜਿਲ੍ਹੇ ਦੀਆਂ ਮੰਡੀਆਂ ਵਿੱ’ਚ ਝੋਨੇ ਦੀ ਚੁਕਾਈ ‘ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ ਅਦਾਇਗੀ
Batala News: ਜਿਲ੍ਹੇ ਦੀਆਂ ਮੰਡੀਆਂ ਵਿੱ'ਚ ਝੋਨੇ ਦੀ ਚੁਕਾਈ 'ਚ ਤੇਜ਼ੀ; ਕਿਸਾਨਾਂ ਨੂੰ 910 ਕਰੋੜ 56 ਲੱਖ ਰੁਪਏ ਦੀ ਕੀਤੀ...