੍ਹ ਕੇਂਦਰੀ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਵੱਲੋਂ ਕਾਊਂਸਲਰਾਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕੀਤੇ ਜਾਵੇਗਾ ਕੈਰੀਅਰ ਕਾਊਂਸਲਿੰਗ ਕੇਂਦਰ
ਚੰਡੀਗੜ੍ਹ, 28 ਜਨਵਰੀ – ”ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਚਲਾਏ ਜਾਣਗੇ।” ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਮੀਟਿੰਗ ਤੋਂ ਬਾਅਦ ਇਹ ਖੁਲਾਸਾ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਮ ਕਰਕੇ ਮੈਟ੍ਰਿਕ ਅਤੇ ਹਾਇਰ ਸੈਕੰਡਰੀ ਦੀ ਪੜ੍ਹਾਈ ਮਗਰੋਂ ਆਪਣੇ ਬੱਚਿਆਂ ਲਈ ਢੁੱਕਵੇਂ ਵਿਸ਼ਿਆਂ ਦੀ ਚੋਣ ਪ੍ਰਤੀ ਬਹੁਤੇ ਜਾਣੂੰ ਨਹੀਂ ਹੁੰਦੇ।
ਕੇਂਦਰੀ ਹੁਨਰ ਵਿਕਾਸ ਅਤੇ Àੁੱਦਮ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਸ੍ਰੀ ਚੰਨੀ ਨੇ ਸੂਬੇ ਵਿੱਚ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕੌਮੀ ਹੁਨਰ ਵਿਕਾਸ ਕਾਰਪੋਰੇਸ਼ਨ ਵੱਲੋਂ ਸੂਬੇ ਵਿੱਚ ਕਾਊਂਸਲਰ ਸਿਖਲਾਈ ਕੇਂਦਰ ਸਥਾਪਿਤ ਕਰਨ ਨੂੰ ਸਹਿਮਤੀ ਦਿੱਤੀ ਗਈ ਹੈ ਅਤੇ ਇਹ ਕੇਂਦਰ ਸੂਬੇ ਭਰ ਤੋਂ ਟ੍ਰੇਨਰਾਂ ਨੂੰ ਸਿਖਲਾਈ ਦੇਵੇਗਾ ਅਤੇ ਇਹ ਟ੍ਰੇਨਰ ਬਾਅਦ ਵਿੱਚ ਸੂਬੇ ਦੇ ਸਾਰੇ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਕੈਰੀਅਰ ਸਬੰਧੀ ਕਾਊਂਸਲਿੰਗ ਕਰਨਗੇ।
ਸ੍ਰੀ ਚੰਨੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਲਈ ਸਵੈ-ਰੋਜ਼ਗਾਰ ਸਿਖਲਾਈ ਕੋਰਸ ਚਲਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਿਸ਼ਨ ਦੇ ਅਧੀਨ ਕਿਸਾਨਾਂ ਅਤੇ ਹੋਰਨਾਂ ਨੂੰ ਹੁਨਰਮੰਦ ਸਿਖਲਾਈ ਦੇਣ, ਫਸਲੀ ਵਿਭਿੰਨਤਾ, ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਅਤੇ ਪਾਣੀ ਦੀ ਘਾਟ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਦੇ ਸਿਖਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਅਗਾਂਹ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਬਾਬਤ ਹੁਨਰ ਵਿਕਾਸ ਦੇ ਕੋਰਸ ਚਲਾਉਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਹੁਨਰ ਵਿਕਾਸ ਅਤੇ Àੁੱਦਮ ਵਿਭਾਗ ਦੇ ਸਕੱਤਰ ਨੇ ਪੰਜਾਬ ਹੁਨਰ ਵਿਕਾਸ ਯੂਨੀਵਰਸਿਟੀ, ਜੋ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਸਥਾਪਿਤ ਹੋਵੇਗੀ, ‘ਚ ਇੰਡੀਅਨ ਇੰਸਟੀਚਿਊਟ ਆਫ ਸਕਿੱਲਜ਼ ਸਥਾਪਤ ਕਰਨ ਦੀ ਸਹਿਮਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਸਟੀਚਿਊਟ ਯੂਨੀਵਰਸਿਟੀ ਦਾ ਹਿੱਸਾ ਹੋਵੇਗਾ ਅਤੇ ਸੂਬੇ ਵਿਚ ਚੱਲ ਰਹੇ ਹੁਨਰ ਵਿਕਾਸ ਕੇਂਦਰਾਂ ਲਈ ਸਰਟੀਫਿਕੇਸ਼ਨ ਅਥਾਰਟੀ ਵਜੋਂ ਵੀ ਕੰਮ ਕਰੇਗਾ। ਸ੍ਰੀ ਚੰਨੀ ਨੇ ਇਹ ਵੀ ਦੱਸਿਆ ਕਿ ਸਕਿੱਲ ਯੂਨੀਵਰਸਿਟੀਆਂ ਵਿਚ ਚਲਾਏ ਜਾਣ ਵਾਲੇ ਕੋਰਸ ਐਮਬੈਡਿਡ ਅਪ੍ਰੈਂਟਿਸਿਪ ਪ੍ਰੋਗਗਰਾਮ ‘ਤੇ ਆਧਾਰਿਤ ਹੋਣਗੇ।
ਇਸ ਮੌਕੇ ਕੇਂਦਰੀ ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਨੇ ਦੱਸਿਆ ਕਿ ਇਸ ਬਾਰੇ ਪ੍ਰਸਤਾਵ ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵ ਦੇ ਅਨੁਸਾਰ ਕੋਰਸ 70% ਪ੍ਰੈਕਟੀਕਲ ਟ੍ਰੇਨਿੰਗ ਅਤੇ 30% ਅਕਾਦਮਿਕ ਪੜਾਈ ‘ਤੇ ਕੇਂਦਰਤ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਯੋਗਿਕ ਸਿਖਲਾਈ ਨਾ ਸਿਰਫ ਲੈਬਾਂ, ਸਗੋਂ ਉਦਯੋਗਾਂ ਵਿਚ ਵੀ ਮੁਹੱਈਆ ਕਰਵਾਈ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਕੇਂਦਰੀ ਮੰਤਰਾਲੇ ਨੇ ਦੇਸ਼ ਪੱਧਰੀ ਸਕਿੱਲ ਮੁਕਾਬਲਿਆਂ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਸਕਿੱਲ ਮੁਕਾਬਲਿਆਂ ਲਈ ਗਰਾਂਟ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 2019 ਵਿਚ ਕਜਾਨ, ਰੂਸ ਵਿਚ ਵਿਸਵ ਹੁਨਰ ਮੁਕਾਬਲਾ ਹੋਵੇਗਾ। ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਨੇ ਉਦਯੋਗ ਦੀ ਲੋੜ ਦੇ ਅਨੁਸਾਰ ਸੰਯੁਕਤ ਬ੍ਰਾਂਡਿੰਗ ਅਤੇ ਕੋਰਸਾਂ ਦੀ ਰੀਸ਼ਫਲਿੰਗ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਮੌਕੇ ਡਾ. ਕੇ.ਪੀ ਕ੍ਰਿਸ਼ਨਨ ਸਕੱਤਰ ਕੇਂਦਰੀ ਹੁਨਰ ਵਿਕਾਸ ਅਤੇ Àੁੱਦਮਤਾ ਮੰਤਰਾਲਾ, ਸ੍ਰੀ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਪੰਜਾਬ, ਤੇਜਵੀਰ ਸਿੰਘ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ, ਸ੍ਰੀ ਸੁਖਵਿੰਦਰ ਸਿੰਘ ਜੀ.ਐਮ. ਪੀ.ਐਸ.ਡੀ.ਐਮ., ਸ੍ਰੀ ਡੀ.ਪੀ.ਐਸ ਖਰਬੰਦਾ ਡਾਇਰੈਕਟਰ ਉਦਯੋਗ, ਸ੍ਰੀ ਅਜੌਏ ਸ਼ਰਮਾ ਸਕੱਤਰ ਸਥਾਨਕ ਸਰਕਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।