– ਨਾਗਾਲੈਂਡ ਸਰਕਾਰ ਦੇ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਵਿੱਚ ਬਣੀ ਸਹਿਮਤੀ, ਸਮਝੌਤਾ ਛੇਤੀ ਹੋਵੇਗਾ ਸਹੀਬੱਧ
ਚੰਡੀਗੜ੍ਹ, 11 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਲੋਂ 200 ਕਰੋੜ ਰੁਪਏ ਦੀ ਕੀਮਤ ਦੇ ਜ਼ਿੰਦਾ ਸੂਰ ਹਰ ਸਾਲ ਨਾਗਾਲੈਂਡ ਨੂੰ ਸਪਲਾਈ ਕੀਤੇ ਜਾਣਗੇ। ਉਨ੍ਹਾ ਦੱਸਿਆ ਕਿ ਇਸ ਸਬੰਧੀ ਅੱਜ ਨਾਗਾਲੈਂਡ ਸਰਕਾਰ ਇੱਕ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਦੌਰਾਨ ਆਪਸੀ ਸਹਿਮਤੀ ਬਣੀ ਹੈ। ਇਸ ਸਬੰਧੀ ਰਸਮੀ ਸਮਝੌਤਾ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ।
ਸ. ਸਿੱਧੂ ਨੇ ਦੱਸਿਆ ਕਿ ਵਫ਼ਦ ਨੇ ਵਿਸ਼ੇਸ਼ ਕਰਕੇ ਪੰਜਾਬ ਦੇ ਸੂਰਾਂ ਵਿੱਚ ਆਪਣੀ ਦਿਲਚਸਪੀ ਵਿਖਾਈ ਹੈ ਕਿਉਂਕਿ ਨਾਗਾਲੈਂਡ ਦੇ ਲੋਕ ਦੇਸ਼ ਦੇ ਹੋਰਨਾਂ ਖਿੱਤਿਆਂ ਦੇ ਸੂਰਾਂ ਦੇ ਮੁਕਾਬਲੇ ਪੰਜਾਬ ਦੇ ਸੂਰਾਂ ਨੂੰ ਵਧੀਆ ਅਤੇ ਨਰੋਆ ਮੰਨਦੇ ਹਨ। ਉਨ੍ਹਾ ਦੱਸਿਆ ਕਿ ਸਹਿਮਤੀ ਅਨੁਸਾਰ 8000 ਸੂਰ ਹਰ ਮਹੀਨੇ ਨਾਗਾਲੈਂਡ ਨੂੰ ਭੇਜੇ ਜਾਣਗੇ ਅਤੇ ਸਾਲਾਨਾ 200 ਕਰੋੜ ਰੁਪਏ ਦੀ ਆਮਦਨ ਪੰਜਾਬ ਦੇ ਸੂਰ ਪਾਲਕਾਂ ਨੂੰ ਹੋਵੇਗੀ।
ਸ. ਸਿੱਧੁ ਨੇ ਦੱਸਿਆ ਕਿ ਫਿਲਹਾਲ ਪੰਜਾਬ ਦੇ 100 ਜ਼ਿੰਦਾ ਸੂਰ ਨਾਗਾਲੈਂਡ ਨੂੰ ਭੇਜੇ ਜਾਣਗੇ ਜਿਨ੍ਹਾਂ ਦੀ ਪ੍ਰਦਰਸ਼ਨੀ ਨਾਗੇਲੈਂਡ ਦੇ ਵੱਖ-ਵੱਖ ਹਿੱਸਿਆਂ ‘ਚ ਲਗਾਈ ਜਾਵੇਗੀ ਜਿਸ ਨਾਲ ਨਾਗਾਲੈਂਡ ਦੇ ਲੋਕਾਂ ਵਿੱਚ ਪੰਜਾਬ ਦੇ ਸੂਰਾਂ ਪ੍ਰਤੀ ਦਿਲਚਸਪੀ ਨੂੰ ਹੋਰ ਵਧਾਉਣ ਦੇ ਯਤਨ ਵੀ ਕੀਤੇ ਜਾਣਗੇ। ਉਨ੍ਹਾ ਦੱਸਿਆ ਕਿ ਪੰਜਾਬ ਵਲੋਂ ਸੂਰਾਂ ਦੇ ਨਾਲ ਉਨ੍ਹਾਂ ਦੀ ਸਿਹਤ ਨੂੰ ਤਸਦੀਕ ਕਰਦੇ ਸਿਹਤ ਸਰਟੀਫਿਕੇਟ ਵੀ ਭੇਜੇ ਜਾਣਗੇ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਹ ਕਦਮ ਨਾਲ ਪੰਜਾਬ ਦੇ ਸੂਰ ਪਾਲਣ ਦੇ ਧੰਦੇ ਨਾਲ ਜੁੜੇ ਲੋਕਾਂ ਅਤੇ ਕਿਸਾਨਾਂ ਨੂੰ ਆਮਦਨ ਵਧਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਨਾਗਾਲੈਂਡ ਦੇ ਵਫ਼ਦ ਨਾਲ ਚਿਕਨ ਮੀਟ ਅਤੇ ਮੱਛੀ ਸਪਲਾਈ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਸ. ਸਿੱਧੂ ਨੇ ਨਾਗਾਲੈਂਡ ਦੇ ਵਫ਼ਦ ਸਨਮੁੱਖ ਉੱਥੋਂ ਦੇ ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ-ਨਾਲ ਵੈਟਰਨਰੀ ਡਾਕਟਰਾਂ ਦੀ ਪੰਜਾਬ ਵਿੱਚ ਵਿਸ਼ੇਸ਼ ਸਿਖਲਾਈ ਲਈ ਸੱਦਾ ਵੀ ਦਿੱਤਾ ਤਾਂ ਜੋ ਪੰਜਾਬ ਵਲੋਂ ਪਸ਼ੂ ਪਾਲਣ ਦੇ ਕਿੱਤੇ ਵਿੱਚ ਅਪਣਾਈ ਜਾ ਰਹੀ ਉੱਚ ਤਕਨੀਕ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ। ਇਸ ਮਗਰੋਂ ਨਾਗਾਲੈਂਡ ਦੇ ਵਫ਼ਦ ਨੂੰ ਨਾਭਾ ਦੇ ਪਿੱਗ ਫਾਰਮ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਦੌਰਾ ਵੀ ਕਰਵਾਇਆ ਗਿਆ।
ਨਾਗਾਲੈਂਡ ਦੇ ਵਫ਼ਦ ਵਿੱਚ ਨਾਗਾਲੈਂਡ ਸਰਕਾਰ ਦੇ ਪ੍ਰਮੱਖ ਸਕੱਤਰ ਲੋਹੂਡੀਲਾਤੂਆ ਕਿਰੇ, ਨਾਗਾਲੈਂਡ ਸਰਕਾਰ ਦੇ ਸਲਾਹਕਾਰ ਬੌਂਖਾਊ ਕੋਨਾਇਕ, ਜੁਆਇੰਟ ਡਾਇਰੈਟਰ ਡਾ. ਅਨੁਨਗੁਲਾ ਇਮਡੌਂਗ ਫੋਮ, ਨਾਗਾਲੈਂਡ ਸਰਕਾਰ ਦੇ ਮਾਰਕੀਟਿੰਗ ਸਲਾਹਕਾਰ ਰਾਜਪਾਲ ਸਿੰਘ ਅਰੋੜਾ ਤੋਂ ਇਲਾਵਾ ਸਰਕਾਰ ਦੇ ਸਲਾਹਕਾਰ ਰਿਚਰਡ ਬੈਲਹੋ ਸ਼ਾਮਲ ਸਨ। ਪੰਜਾਬ ਸਰਕਾਰ ਵਲੋਂ ਡਾਇਰੈਕਟਰ ਡੇਅਰੀ ਵਿਕਾਸ ਸ. ਇੰਦਰਜੀਤ ਸਿੰਘ, ਡਾਇਰੈਕਟਰ ਮੱਛੀ ਪਾਲਣ ਸ੍ਰੀ ਮਦਨ ਮੋਹਨ ਵੀ ਹਾਜ਼ਰ ਸਨ।