• ਦੋ ਜੇਤੂਆਂ ਨੂੰ ਮਿਲਣਗੇ 1.50-1.50 ਕਰੋੜ ਰੁਪਏ ਦਾ ਇਨਾਮ
ਚੰਡੀਗੜ•, 31 ਅਗਸਤ (ਵਿਸ਼ਵ ਵਾਰਤਾ)-ਪੰਜਾਬ ਲਾਟਰੀ ਵਿਭਾਗ ਵਲੋਂ ਰੱਖੜੀ ਬੰਪਰ-2018 ਦੇ ਪਹਿਲੇ ਦੋ ਇਨਾਮਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਹ ਇਨਾਮ ਜੇਤੂ ਪਹਿਲੇ ਦੋ ਵਿਅਕਤੀਆਂ ਨੂੰ 1.50-1.50 ਕਰੋੜ ਰੁਪਏ ਵਜੋਂ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਲਾਟਰੀ ਬੰਪਰ-2018 ਦਾ ਡਰਾਅ 29 ਅਗਸਤ, 2018 ਨੂੰ ਜ਼ਿਲ•ਾ ਪ੍ਰੀਸ਼ਦ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਡਰਾਅ ਵਿਚ 1.50-1.50 ਕਰੋੜ ਦੇ ਦੋ ਪਹਿਲੇ ਇਨਾਮ ਟਿਕਟ ਨੰਬਰ ਏ-207485 ਅਤੇ ਬੀ-660446 ਨੂੰ ਘੋਸ਼ਿਤ ਕੀਤੇ ਗਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਲਾਟਰੀ ਵਿਭਾਗ ਦੁਆਰਾ ਪਾਰਦਰਸ਼ਤਾ ਲਿਆਉਣ ਲਈ ਬੰਪਰ ਲਾਟਰੀ ਸਕੀਮਾਂ ਵਿਚ ਪਹਿਲੇ ਇਨਾਮ ਹਮੇਸ਼ਾ ਹੀ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਆਮ ਜਨਤਾ ਨੂੰ ਦਿਤੇ ਜਾਣ ਦੀ ਗਰੰਟੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਰੱਖੜੀ ਬੰਪਰ-2018 ਵਿਚ ਵੀ ਪਹਿਲੇ ਇਨਾਮ ਟਿਕਟ ਨੰਬਰ ਏ-207485, ਅੰਸ਼ੂ ਲਾਟਰੀ ਏਜੰਸੀ, ਜ਼ੀਰਕਪੁਰ ਦੁਆਰਾ ਅਤੇ ਪਹਿਲੇ ਇਨਾਮ ਦੀ ਦੂਜੀ ਟਿਕਟ ਨੰਬਰ ਬੀ-660446, ਸੰਗਰੂਰ, ਦੇ ਡਾਕਘਰ ਦੁਆਰਾ ਅੱਗੇ ਵੇਚੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਲਾਟਰੀ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਲਾਟਰੀ ਸਕੀਮਾਂ ਵਿਚ ਆਮ ਜਨਤਾ ਵਲੋਂ ਪੂਰਾ ਵਿਸ਼ਵਾਸ਼ ਦਿਖਾਇਆ ਜਾ ਰਿਹਾ ਹੈ ਜਿਸ ਸਦਕਾ ਹੀ ਪਿਛਲੇ ਸਾਲ ਨਾਲੋਂ ਇਸ ਸਾਲ ਟਿਕਟਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਪੰਜਾਬ ਸਟੇਟ ਦੀਵਾਲੀ ਬੰਪਰ-2018 ਦੀਆਂ ਟਿਕਟਾਂ ਜਲਦ ਹੀ ਸਤੰਬਰ ਮਹੀਨੇ ਦੇ ਅੰਦਰ ਉਪਲੱਬਧ ਹੋਣਗੀਆਂ।