ਪੰਜਾਬ ਰੋਡਵੇਜ਼-ਪਨਬੱਸ ਕਾਮਿਆਂ ਦੀ ਹੜਤਾਲ ਦਾ ਅੱਜ ਚੌਥਾ ਦਿਨ
ਯੂਨੀਅਨ ਦੀ ਅੱਜ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਨ ਨਾਲ ਹੋਵੇਗੀ ਮੀਟਿੰਗ
ਚੰਡੀਗੜ੍ਹ 19 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਅੱਜ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕਰੇਗੀ। ਮੌਜੂਦਾ ਕਰਮਚਾਰੀਆਂ ਦੀਆਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਅਤੇ ਅਣਸਿਖਿਅਤ ਡਰਾਈਵਰਾਂ ਦੀ ਆਊਟਸੋਰਸ ਭਰਤੀ ਸਬੰਧੀ ਸੀਐਸ ਨੂੰ ਦਸਤਾਵੇਜ਼ ਦਿਖਾਉਣ ਸਮੇਤ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਇਹ ਮੀਟਿੰਗ ਦੁਪਹਿਰ ਬਾਅਦ ਹੋਵੇਗੀ। ਜੇਕਰ ਇਸ ‘ਚ ਸਮਝੌਤਾ ਹੋ ਜਾਂਦਾ ਹੈ ਤਾਂ ਹੜਤਾਲ ਆਮ ਆਦਮੀ ‘ਤੇ ਪਏ ਡੂੰਘੇ ਸਫ਼ਰੀ ਸੰਕਟ ਨੂੰ ਟਾਲ ਸਕਦੀ ਹੈ ਪਰ ਜੇਕਰ ਸਮਝੌਤਾ ਨਾ ਹੋਇਆ ਤਾਂ ਮਾਝਾ ਅਤੇ ਦੁਆਬੇ ਤੋਂ ਬਾਅਦ ਹੁਣ ਮਾਲਵਾ ਪੱਟੀ ‘ਚ ਚੱਲ ਰਹੀਆਂ ਪੀਆਰਟੀਸੀ ਦੀਆਂ ਬੱਸਾਂ ਦੇ ਪਹੀਏ ਨੂੰ ਵੀ ਬ੍ਰੇਕ ਲੱਗ ਸਕਦੀ ਹੈ। ਦੱਸ ਦਈਏ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕਰੀਬ 2900 ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਚੌਥਾ ਦਿਨ ਹੈ। ਬੀਤੀ 18 ਦਸੰਬਰ ਨੂੰ ਯੂਨੀਅਨ ਦੀ ਸੂਬਾਈ ਮੀਟਿੰਗ ਲੁਧਿਆਣਾ ਵਿਖੇ ਹੋਈ ਸੀ। ਇਸ ਵਿੱਚ ਮੁੱਖ ਸਕੱਤਰ ਨਾਲ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਗਿਆ। ਜੇਕਰ ਮੀਟਿੰਗ ਵਿੱਚ ਸਹਿਮਤੀ ਨਾ ਬਣੀ ਤਾਂ ਯੂਨੀਅਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰੇਗੀ ਅਤੇ ਪੀਆਰਟੀਸੀ ਦੀ ਬੱਸ ਸੇਵਾ ਬੰਦ ਕਰ ਦੇਵੇਗੀ।
ਇਸ ਦੇ ਨਾਲ ਹੀ ਜਿਕਰਯੋਗ ਹੈ ਕਿ ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਨੰਗਲ, ਚੰਡੀਗੜ੍ਹ, ਲੁਧਿਆਣਾ, ਜਗਰਾਉਂ, ਮੋਗਾ, ਮੁਕਤਸਰ ਅਤੇ ਫਿਰੋਜ਼ਪੁਰ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਬੱਸ ਸੇਵਾ ਠੱਪ ਹੋਣ ਕਾਰਨ ਲੋਕ ਲਗਾਤਾਰ ਪ੍ਰੇਸ਼ਾਨ ਹਨ। ਬੱਸ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਦੁੱਗਣੀ ਕੀਮਤ ‘ਤੇ ਸਫ਼ਰ ਕਰਨ ਲਈ ਮਜਬੂਰ ਹਨ। ਮੁਫਤ ਸਫਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਹੋਈ ਹੈ। ਕੰਮ ਲਈ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੱਖ-ਵੱਖ ਸਾਧਨਾਂ ਦਾ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।