ਪੰਜਾਬ ਰੋਡਵੇਜ਼ ਦੀ ਬੱਸ ਹੋਈ ਸੜ ਕੇ ਸੁਆਹ
ਚੰਡੀਗੜ੍ਹ,4ਅਗਸਤ(ਵਿਸ਼ਵ ਵਾਰਤਾ) ਅੰਮ੍ਰਿਤਸਰ ‘ਚ ਪੰਜਾਬ ਰੋਡਵੇਜ਼ ਦੀ ਖੜ੍ਹੀ ਬੱਸ ‘ਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ। ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਚੰਗੀ ਗੱਲ ਇਹ ਹੈ ਕਿ ਵਰਕਸ਼ਾਪ ‘ਚ ਨੇੜੇ ਖੜ੍ਹੀਆਂ ਬੱਸਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਪੰਜਾਬ ਰੋਡਵੇਜ਼ ਵਰਕਸ਼ਾਪ ਵਿਖੇ ਵਾਪਰੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆਈ ਪਨਬਸ ਦੇਰ ਰਾਤ 2:30 ਵਜੇ ਰੋਡਵੇਜ਼ ਵਰਕਸ਼ਾਪ ਵਿੱਚ ਪੁੱਜੀ। ਸਵੇਰੇ 5 ਵਜੇ ਦੇ ਕਰੀਬ ਵਰਕਸ਼ਾਪ ਪੁੱਜੇ ਮੁਲਾਜ਼ਮਾਂ ਨੇ ਬੱਸ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਸਾਰਿਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਪਰ ਉਦੋਂ ਤੱਕ ਅੱਗ ਪੂਰੀ ਬੱਸ ਵਿੱਚ ਫੈਲ ਚੁੱਕੀ ਸੀ। ਅੱਗ ‘ਤੇ ਕਾਬੂ ਪਾਉਣ ‘ਚ 1 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅੱਗ ਨਾਲ ਬੱਸ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਬੱਸ ਦੀਆਂ ਸੀਟਾਂ, ਛੱਤ ਅਤੇ ਖਿੜਕੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੀ ਸੂਚਨਾ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।