ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਕਿਸੇ ਵੇਲੇ ਵੀ ਸੰਭਵ
2 ਕੈਬਨਿਟ ਮੰਤਰੀਆਂ ਨੂੰ ਦਿਖਾਇਆ ਜਾ ਸਕਦਾ ਹੈ ਬਾਹਰ ਦਾ ਰਸਤਾ
ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਹੋ ਸਕਦਾ ਹੈ ਬਦਲਾਅ
ਚੰਡੀਗੜ੍ਹ,10ਅਗਸਤ(ਵਿਸ਼ਵ ਵਾਰਤਾ)- ਪੰਜਾਬ ਕੈਬਨਿਟ ’ਚ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਹੋ ਸਕਦਾ ਹੈ। ਇਹ ਚਰਚਾਵਾਂ ਜੋਰਾਂ ਤੇ ਹਨ ਕਿ ਪੰਜਾਬ ਮੰਤਰੀ ਮੰਡਲ ਵਿੱਚੋਂ 2 ਮੰਤਰੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ ਅਤੇ ਹੋਰ ਕੈਬਨਿਟ ਮੰਤਰੀਆਂ ਦੇ ਮਹਿਕਮਿਆਂ ਵਿੱਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੀਤੀ ਸ਼ਾਮ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਦਾ ਕਿਆਸ ਲਗਾਇਆ ਜਾ ਰਿਹਾ ਹੈ।
ਮੰਤਰੀ ਮੰਡਲ ਵਿੱਚ ਫੇਰਬਦਲ ਕਿਸੇ ਵੀ ਵੇਲੇ ਹੋ ਸਕਦਾ ਹੈ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਫੇਰਬਦਲ ਪੱਕਾ ਹੋਣਾ ਸੰਭਵ ਹੈ। ਪੰਜਾਬ ਗਵਰਨਰ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਚੰਡੀਗੜ੍ਹ ਵਿੱਚ ਮੌਜੂਦ ਨਹੀਂ ਹਨ ਤੇ ਨਾਲ ਹੀ ਖਬਰ ਲਿਖਣ ਤੱਕ ਇਹ ਵੀ ਪਤਾ ਲੱਗਾ ਹੈ ਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਇਸ ਫੇਰਬਦਲ ਨੂੰ ਲੈ ਕੇ ਗਵਰਨਰ ਹਾਊਸ ਨੂੰ ਕੋਈ ਵੀ ਪੱਤਰ ਨਹੀਂ ਲਿਖਿਆ ਗਿਆ ਹੈ। ਪਰ ਇਹ ਤੈਅ ਹੈ ਕਿ ਜੇਕਰ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਛਾਂਟੀ ਹੁੰਦੀ ਹੈ ਤਾਂ ਨਵੇਂ ਮੰਤਰੀਆਂ ਨੂੰ ਸਹੁੰ ਰਾਜਪਾਲ ਹੀ ਚੁੱਕਵਾਉਣਗੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਸਰਕਾਰ ਦੇ ਅੰਦਰ ਪ੍ਰਸ਼ਾਸਨ ਬਿਲਕੁਲ ਸਾਫ-ਸੁਥਰਾ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵੀ ਮੰਤਰੀ ਤੇ ਕਿਸੇ ਪ੍ਰਕਾਰ ਦਾ ਦੋਸ਼ ਲੱਗਦਾ ਹੈ ਜਾਂ ਉਹ ਦਾਗੀ ਹੈ ਜਾਂ ਉਸਤੇ ਗਲਤ ਇਲਜ਼ਾਮ ਲੱਗਦਾ ਹੈ ਤਾਂ ਉਸਦੀ ਮੰਤਰੀ ਮੰਡਲ ਵਿੱਚ ਕੋਈ ਜਗ੍ਹਾ ਨਹੀਂ ਹੋਵੇਗੀ। ਉਹ ਪੰਜਾਬ ਨੂੰ ਇਕ ਸਾਫ ਸੁਥਰਾ ਪ੍ਰਸ਼ਾਸਨ ਮੁਹੱਇਆ ਕਰਵਾਉਣਾ ਚਾਹੁੰਦੇ ਹਨ। ਪਰ ਮੰਤਰੀ ਮੰਡਲ ਵਿੱਚ ਫੇਰਬਦਲ ਵਰਗਾ ਵੱਡਾ ਫੈਸਲਾ ਮੁੱਖ ਮੰਤਰੀ ਮਾਨ ਖੁਦ ਨਹੀਂ ਲੈ ਸਕਦੇ, ਇਸ ਲਈ ਹੀ ਉਹਨਾਂ ਵੱਲੋਂ ਬੀਤੇ ਦਿਨ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਆਪ ਦੇ ਕਰੀਬ ਡੇਢ ਸਾਲ ਹੋ ਗਏ ਹਨ,ਜਿਸ ਦੌਰਾਨ ਮੰਤਰੀ ਮੰਡਲ ਵਿੱਚ ਇਹ ਚੌਥਾ ਫੇਰਬਦਲ ਹੋਵੇਗਾ।