ਪੰਜਾਬ ਮੰਡੀ ਬੋਰਡ ਨੇ ਕੀਤੀ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਅਰਦਾਸ
ਕੇਂਦਰ ਦੇ ਨਵੇਂ ਖੇਤੀ ਕਾਨੂੰਨ ਪੰਜਾਬ ਮੰਡੀ ਬੋਰਡ ’ਤੇ ਹਮਲਾ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ,11ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਮੰਡੀ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ‘ਪੰਜਾਬ ਮੰਡੀ ਭਵਨ’ ’ਚ ਬੀਤੇ ਦਿਨੀਂ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ, ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਆਈਏਐੱਸ ਅਤੇ ਸ੍ਰੀ ਰਾਜਿੰਦਰ ਸਿੰਘ ਬਡਹੇੜੀ – ਡਾਇਰੈਕਟਰ ਪੰਜਾਬ ਮੰਡੀ ਬੋਰਡ, ਹੋਰ ਉੱਚ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਗੁਰਬਾਣੀ ਕੀਰਤਨ ਦੇ ਨਾਲ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਵੀ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਦਿੱਲੀ ਦੀਆਂ ਸੀਮਾਵਾਂ ਉੱਤੇ ਸ਼ਹੀਦ ਹੋਏ ਅੰਦੋਲਨਕਾਰੀ ਕਿਸਾਨਾਂ ਦੀ ਆਤਮਿਕ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਖੇਤ ਮਜ਼ਦੂਰਾਂ ਦੀ ਸੁੱਖ–ਸ਼ਾਂਤੀ ਤੇ ਸਲਾਮਤੀ ਦੇ ਨਾਲ–ਨਾਲ ਪੰਜਾਬ ਮੰਡੀ ਬੋਰਡ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਗਈ।
ਸ੍ਰੀ ਬਡਹੇੜੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਪੰਜਾਬ ਮੰਡੀ ਬੋਰਡ ਉੱਤੇ ਵੀ ਵੱਡਾ ਹਮਲਾ ਹਨ।