ਪੰਜਾਬ ਪੁਲਿਸ ਨੇ ‘ਸਾਕਾ ਨੀਲਾਤਾਰਾ ਵਰੇਗੰਢ’ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਖਿੱਚੀ ਤਿਆਰੀ
– ਰਾਜ ਭਰ ’ਚ ਪੁਲਿਸ ਸੁਰੱਖਿਆ ਵਧਾਈ, ਸੀਪੀਜ਼ /ਐਸਐਸਪੀਜ਼ ਨੇ ਆਪਣੇ ਸਬੰਧਤ ਜ਼ਿਲਆਂ ਵਿੱਚ ਕੀਤਾ ਫਲੈਗ ਮਾਰਚ
– ਸੂਬੇ ਭਰ ਵਿੱਚ 192 ਸੰਵੇਦਨਸ਼ੀਲ ਖੇਤਰਾਂ ਵਿੱਚ 110 ਫਲੈਗ ਮਾਰਚ ਕੱਢੇ ਗਏ
– ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
– ਪੰਜਾਬ ਪੁਲਿਸ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਏਗੀ: ਸਪੈਸ਼ਨ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ, 1 ਜੂਨ (ਵਿਸ਼ਵ ਵਾਰਤਾ):- ਸਾਕਾ ਨੀਲਾ ਤਾਰਾ ਦੀ ਵਰੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ- ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ ਪੁਲਿਸ ਨੇ ਇਸ ਹਫ਼ਤੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਮਨਾਏ ਜਾਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰਾਜ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਵੀਰਵਾਰ ਨੂੰ, ਸੀਪੀਜ/ਐਸਐਸਪੀਜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਉਪਾਅ ਵਜੋਂ ਆਪਣੇ ਸਬੰਧਤ ਜਿਲਿਆਂ ਦੇ ਸੰਵੇਦਨਸ਼ੀਲ ਅਤੇ ਗੜਬੜੀ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੱਢੇ। ਸਾਰੇ 28 ਪੁਲਿਸ ਜ਼ਿਲਿਆਂ ਵਿੱਚ 192 ਸੰਵੇਦਨਸ਼ੀਲ ਖੇਤਰਾਂ ਨੂੰ ਕਵਰ ਕਰਦੇ ਹੋਏ 110 ਫਲੈਗ ਮਾਰਚ ਕੱਢੇ ਗਏ।
ਇਹ ਅਭਿਆਸ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਅਮਲ ਵਿੱਚ ਲਿਆਂਦਾ ਗਿਆ ।
ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁੁਕਲਾ ਨੇ ਦੱਸਿਆ ਕਿ ਸੀਪੀਜ/ਐਸਐਸਪੀਜ ਨੂੰ ਆਪੋ-ਆਪਣੇ ਜਿਲਿਆਂ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਫਲੈਗ ਮਾਰਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਟੀਮਾਂ ਨੇ ਫਲੈਗ ਮਾਰਚ ਦੌਰਾਨ 368 ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ।
ਉਨਾਂ ਕਿਹਾ ਕਿ ਇਸ ਵਿਸ਼ੇਸ਼ ਅਭਿਆਸ ਦਾ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਨੂੰ ਤਿਆਰ ਕਰਨ ਦੇ ਨਾਲ-ਨਾਲ ਆਮ ਲੋਕਾਂ ਦਾ ਵਿਸ਼ਵਾਸ ਵਧਾਉਣਾ ਹੈ।
ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ, “ਪੰਜਾਬ ਪੁਲਿਸ ਸਾਕਾ ਨੀਲਾ ਤਾਰਾ ਦੀ ਵਰੇਗੰਢ ਨੂੰ ਸਾਂਤੀਪੂਰਵਕ ਢੰਗ ਨਾਲ ਮਨਾਏ ਜਾਣ ਨੂੰ ਯਕੀਨੀ ਬਣਾਏਗੀ, ਜਿਸ ਲਈ ਸੂਬੇ ਭਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।”
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀ ਘੁਸਪੈਠ ਨੂੰ ਰੋਕਣ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਸਮੇਤ ਅਹਿਮ ਥਾਵਾਂ ‘ਤੇ ਪੁਲਿਸ ਟੀਮਾਂ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੀਪੀਜ/ਐਸਐਸਪੀਜ ਨੂੰ ਵੀ ਆਪਣੇ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਕਿਆਂ ਤੇ ਮੁਸਤੈਦੀ ਵਧਾਉਣ ਅਤੇ ਆਉਣ ਵਾਲੇ/ਬਾਹਰ ਜਾਣ ਵਾਲੇ ਸਾਰੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।