ਪੰਜਾਬ ਸੂਬੇ ‘ਚ ਅਕਾਲੀ ਦਲ ਦੀ ਆਰਥਿਕ ਤਾਨਾਸ਼ਾਹੀ ਨੂੰ ਨਹੀਂ ਭੁੱਲਿਆ ਅਤੇ ਨਾ ਹੀ ਕੀਤਾ ਮੁਆਫ਼
ਚੰਡੀਗੜ, 27 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅਕਾਲੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਤਬਾਹ ਕਰਨ ਵਾਲੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਪੰਜਾਬ ਦੇ ਲੋਕਾਂ ਦੇ ਮਸੀਹਾ ਬਣਨ ਦੀ ਕੋਸ਼ਿਸ ਦਾ ਮਜਾਕ ਉਡਾਇਆ।
ਸ੍ਰੀ ਸਿੱਧੂ ਨੇ ਅੰਮ੍ਰਿਤਸਰ ਵਿਚ ਹੈਰੀਟੇਜ ਸਟਰੀਟ ਵਿਖੇ ਸੁਖਬੀਰ ਵੱਲੋਂ ਕੀਤੇ ਗਏ ਢਕਵੰਜ ‘ਤੇ ਪ੍ਰਤੀਕ੍ਰਿਆ ਕਰਦੇ ਹੋਏ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਜੋ ਵਿਅਕਤੀ ਪੰਜਾਬ ਅਤੇ ਇਸ ਦੇ ਬਾਸ਼ਿੰਦਿਆਂ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹੈ ਉਹ ਹੁਣ ਪੰਜਾਬ ਅਤੇ ਇਸ ਦੇ ਬਾਸ਼ਿੰਦਿਆਂ ਦਾ ਮਸੀਹਾ ਹੋਣ ਦਾ ਢੌਂਗ ਕਰ ਰਿਹਾ ਹੈ।
ਸ੍ਰੀ ਸਿੱਧੂ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਬੇਹੁਦਾ ਦਿਖਾਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀਆਂ ਬੇਤੁਕੀਆਂ ਗੱਲਾਂ ਨਾਲ ਇਕ ਵਾਰ ਫਿਰ ਆਪਣੇ ਆਪ ਨੂੰ ਘਟੀਆ ਸਿਆਸਤਦਾਨ ਸਾਬਿਤ ਕਰ ਦਿੱਤਾ ਹੈ। ਸੁਖਬੀਰ ਵੱਲੋਂ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣ ਲਈ ਇਹ ਢਕਵੰਜ ਕੀਤਾ ਗਿਆ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਅਸੀਮ ਲਾਲਚ ਦੇ ਕਾਰਿਆਂ ਨੂੰ ਭੁੱਲੇ ਨਹੀਂ ਹਨ ਜਿਸ ਕਾਰਨ 2007 ਤੋਂ 2017 ਦੇ ਸਮੇਂ ਵਿਚ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਵਿੱਤੀ ਘਾਟਾ ਝੱਲਣਾ ਪਿਆ ਹੈ ਜਿਸ ਨੂੰ ਕਿ ਆਰਥਿਕ ਅੱਤਵਾਦ ਵੀ ਕਿਹਾ ਜਾ ਸਕਦਾ ਹੈ।
ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ 1980 ਤੋਂ ਲੈ ਕੇ 1990 ਤੱਕ ਸਰਹੱਦ ਪਾਰ ਤੋਂ ਹੋਏ ਅੱਤਵਾਦ ਤੋਂ ਉਭਰਨ ਲੱਗੇ ਹੀ ਸਨ ਕਿ ਉਦੋਂ ਹੀ ਬਾਦਲਾਂ ਦੀ ਅਗਵਾਈ ਵਾਲੇ ਵਿੱਤੀ ਅੱਤਵਾਦ ਨੇ ਪੂਰੀ ਤਾਕਤ ਨਾਲ ਸੂਬੇ ਨੂੰ ਸੱਟ ਮਾਰੀ। ਜਿਸ ਕਾਰਨ ਸੂਬਾ ਤਰੱਕੀ ਦੇ ਲੀਹ ਤੋਂ ਉਤਰ ਗਿਆ।
ਉਨਾਂ ਅੱਗੇ ਕਿਹਾ ਕਿ ਬਾਦਲਾਂ ਦੇ ਸ਼ਾਸ਼ਨਕਾਲ ਦੌਰਾਨ ਬਾਦਲਾਂ ਅਤੇ ਉਹਨਾਂ ਦੇ ਗਿਰੋਹ ਨੇ ਸੂਬੇ ਦੇ ਸਾਰੇ ਕਾਰੋਬਾਰ ਜਿਨਾਂ ਵਿਚ ਟਰਾਂਸਪੋਰਟ ਤੋਂ ਕੇਬਲ ਤੱਕ, ਰੇਤਾ-ਬਜਰੀ ਤੋਂ ਲੈ ਕੇ ਸੈਰ-ਸਪਾਟੇ ਨਾਲ ਜੁੜੀ ਸਨੱਅਤ ਅਤੇ ਹੋਰ ਵਪਾਰਾਂ ਨੂੰ ਆਪਣੇ ਕਬਜੇ ਵਿਚ ਲੈ ਲਿਆ। ਜਿਸ ਕਾਰਨ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਵਿੱਤੀ ਘਾਟਾ ਪਿਆ ਅਤੇ ਹੁਣ ਕੈਪਟਨ ਸਰਕਾਰ ਸੂਬੇ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਜੱਦੋ-ਜਹਿਦ ਕਰ ਰਹੀ ਹੈ।
ਸੁਖਬੀਰ ਬਾਦਲ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਨਾ ਪਸੰਦ ਕੀਤੇ ਜਾਣ ਵਾਲਾ ਸਿਆਸਤਦਾਨ ਗਰਦਾਨਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਉਸ ਨੂੰ ਅਤੇ ਅਕਾਲੀ ਪਾਰਟੀ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਹਨ, ਜਿਸ ਦਾ ਸਬੂਤ ਲੋਕਾਂ ਨੇ ਬੀਤੇ ਵਰੇ ਹੋਈਆਂ ਅਸੈਂਬਲੀ ਚੋਣਾਂ ਦੌਰਾਨ ਅਕਾਲੀ ਦਲ ਨੂੰ ਧੂੜ ਚਟਾ ਕੇ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ ਇਕ ਸਾਲ ਵਿੱਚ ਹੋਈਆਂ ਵੱਖ-ਵੱਖ ਚੋਣਾਂ, ਜਿਨ•ਾਂ ਵਿਚ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਗੁਰਦਾਸਪੁਰ ਜਿਮਨੀ ਚੋਣਾਂ ਵਿੱਚ ਲੋਕਾਂ ਵੱਲੋਂ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਗਾਉਂਦਿਆਂ ਅਕਾਲੀ ਦਲ ਅਤੇ ਇਸ ਦੀ ਭਾਈਵਾਲ ਪਾਰਟੀ ਨੂੰ ਵੋਟਾਂ ਵਿਚ ਭਾਜ ਦਿੱਤੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਲੀਆ ਫੇਰੀ ਦੇ ਦੌਰਾਨ ਸੁਖਬੀਰ ਬਾਦਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਨਾਟਕ ਦਾ ਜਿਕਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਆਪਣੇ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਟਰੂਡੋ ਦੀ ਫੇਰੀ ਨੂੰ ਬਹੁਤੀ ਮਹੱਤਤਾ ਨਾ ਦੇ ਕੇ ਨਜ਼ਰਅੰਦਾਜ ਕੀਤਾ ਹੈ ਜਦਕਿ ਸੁਖਬੀਰ ਬਾਦਲ ਨੇ ਭਾਜਪਾ ਦੇ ਰੁਖ਼ ਤੋਂ ਉਲਟ ਜਾ ਕੇ ਟਰੂਡੋ ਦੀ ਫੇਰੀ ਨੂੰ ਪੂਰੀ ਅਹਿਮੀਅਤ ਦਿੱਤੀ। ਜਿਸ ਰਾਹੀਂ ਉਸ ਨੇ ਸਾਬਤ ਕੀਤਾ ਕਿ ਉਹ ਕਿਸੇ ਵੀ ਤਰਾਂ ਭਰੋਸੇਯੋਗ ਬੰਦਾ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਭਰੋਸਾ ਕਿਵੇਂ ਕਰ ਸਕਦੇ ਹਨ ਜਦੋਂ ਉਹਨਾਂ ਦੇ ਭਾਈਵਾਲ ਹੀ ਉਹਨਾਂ ਤੇ ਭਰੋਸਾ ਨਹੀਂ ਕਰਦੇ।