ਮੁੱਖ ਮੰਤਰੀ ਨੂੰ ਬਕਾਇਆ ਪਈਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਜਾਰੀ ਕਰਨ ਅਤੇ ਇੱਕ ਮਹੀਨੇ ਦੀ ਪੈਨਸ਼ਨ ਅਗਾਂਊਂ ਦੇਣ ਲਈ ਵੀ ਆਖਿਆ
ਚੰਡੀਗੜ੍ਹ/21ਮਾਰਚ ( ਵਿਸ਼ਵ ਵਾਰਤਾ)-ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੋਨਾਵਾਇਰਸ ਕਰਕੇ ਵਿੱਤੀ ਸੰਕਟ ਵਿਚ ਘਿਰੇ ਦਿਹਾੜੀਦਾਰਾਂ ਦੀ ਮੱਦਦ ਲਈ ਤੁਰੰਤ ਇੱਕ ਰਾਹਤ ਪੈਕਜ ਦਾ ਐਲਾਨ ਕਰਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਵੱਲੋ 15 ਲੱਖ ਦਿਹਾੜੀਦਾਰਾਂ ਅਤੇ 20æ37 ਲੱਖ ਉਸਾਰੀ ਦੇ ਕੰਮਾਂ ਵਿਚ ਲੱਗੇ ਕਾਮਿਆਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰੇਕ ਨੂੰ 1000 ਰੁਪਏ ਦੇਣ ਦੇ ਕੀਤੇ ਐਲਾਨ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਿਧਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬ ਦੇ ਦਿਹਾੜੀਦਾਰਾਂ ਅਤੇ ਕਾਮਿਆਂ ਲਈ ਇਸੇ ਤਰ੍ਹਾਂ ਦੇ ਪੈਕਜ ਦਾ ਐਲਾਨ ਕਰਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਰੋਨਾਵਾਇਰਸ ਨੇ ਅਰਥ ਵਿਵਸਥਾ ਨੂੰ ਵੱਡੀ ਸੱਟ ਮਾਰੀ ਹੈ, ਜਿਸ ਨਾਲ ਛੋਟੇ ਦੁਕਾਨਦਾਰ ਅਤੇ ਦਿਹਾੜੀਦਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੂੰ ਤੁਰੰਤ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਕਾਮਿਆਂ ਦੇ ਖਾਤਿਆਂ ਵਿਚ 3000 ਰੁਪਏ ਪ੍ਰਤੀ ਮਹੀਨਾ ਤਦ ਤਕ ਪਾਉਣਾ ਚਾਹੀਦਾ ਹੈ, ਜਦ ਤਕ ਸਥਿਤੀ ਸੁਧਰ ਨਹੀਂ ਜਾਂਦੀ। ਇਸ ਤੋਂ ਇਲਾਵਾ ਲੋੜਵੰਦਾਂ ਦਾ ਭਾਰ ਘਟਾਉਣ ਲਈ ਸਰਕਾਰ ਨੂੰ ਉਹਨਾਂ ਨੂੰ ਮੁਫਤ ਰਾਸ਼ਨ ਦੇਣਾ ਚਾਹੀਦਾ ਹੈ।
ਵਿਧਵਾਵਾਂ, ਬਜ਼ੁਰਗਾਂ ਅਤੇ ਸਮਾਜ ਭਲਾਈ ਸਕੀਮ ਦੇ ਬਾਕੀ ਲਾਭਪਾਤਰੀਆਂ ਲਈ ਚਿੰਤਾ ਜ਼ਾਹਿਰ ਕਰਦਿਆਂ ਅਕਾਲੀ ਵਿਧਾਇਕ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੰਬੰਧਿਤ ਅਧਿਕਾਰੀਆਂ ਨੂੰ ਨਾ ਸਿਰਫ ਬਕਾਇਆ ਪਈਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਜਾਰੀ ਕਰਨ ਦਾ ਨਿਰਦੇਸ਼ ਦੇਣ ,ਸਗੋਂ ਇਹਨਾਂ ਲੋਕਾਂ ਦੀ ਮੁਸ਼ਕਿਲਾਂ ਘੱਟ ਕਰਨ ਲਈ ਉਹਨਾਂ ਨੂੰ ਇੱਕ ਮਹੀਨੇ ਦੀ ਪੈਨਸ਼ਨ ਅਗਾਂਊਂ ਦੇਣ ਲਈ ਵੀ ਆਖਣ।
ਹੱਥ ਧੋਣ ਵਾਲੇ ਸੈਨੀਟਾਈਜ਼ਰ ਦੀ ਕਮੀ ਦੇ ਨਾਂ ਤੇ ਲੋਕਾਂ ਦੀ ਹੋਰ ਹੀ ਲੁੱਟ ਦੀਆਂ ਰਿਪੋਰਟਾਂ ਉੱਤੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸੈਨੀਟਾਈਜ਼ਰ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਅਤੇ ਸਿਹਤ ਵਿਭਾਗ ਨੂੰ ਇਸ ਲੁੱਟ ਨੂੰ ਰੋਕਣ ਵਾਸਤੇ ਰੈਗੂਲਰ ਚੈਕਿੰਗ ਕਰਨ ਦਾ ਨਿਰਦੇਸ਼ ਦੇਣ।
ਇਸੇ ਦੌਰਾਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲਾਗ ਦੀ ਬੀੰਮਾਰੀ ਕੋਵਿਡ-19 ਦਾ ਟਾਕਰਾ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਸਮਾਜਿਕ ਮੇਲ ਜੋਲ ਤੋਂ ਪਰਹੇਜ਼ ਕਰਨ ਦੇ ਨਾਲ ਨਾਲ ਸਫ਼ਾਈ ਵੱਲ ਵੀ ਢੁੱਕਵਾਂ ਧਿਆਨ ਦੇਣ। ਉਹਨਾਂ ਕਿਹਾ ਕਿ ਸਾਵਧਾਨੀ ਬਹੁਤ ਜਰੂਰੀ ਹੈ, ਕਿਉਂਕਿ ਸੁਰੱਖਿਅਤ ਰਹਿਣ ਦਾ ਇਹੋ ਇੱਕ ਵਿਕਲਪ ਹੈ।