ਗਲੀਆਂ,ਨਾਲੀਆਂ ਨਾਲ ਵਿਕਾਸ ਨਹੀ ਹੁੰਦਾ : ਰਣਜੀਤ ਸਿੰਘ ਬ੍ਰਹਮਪੁਰਾ
ਅੰਮਿ੍ਰਤਸਰ 24 ਮਾਰਚ ( ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਲੋਕ ਸਭਾ ਮੈਬਰ ਨੇ ਪੰਜਾਬ ਦੇ ਸਿਆਸੀ ਹਲਾਤਾਂ ਤੇ ਚਰਚਾ ਕਰਦਿਆਂ ਕਿਹਾ ਕਿ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਰਾਜਨੀਤਿਕ,ਸਥਿਰਤਾ ਅਤੇ ਇਮਾਨਦਾਰ ,ਸਿਆਸਤਦਾਨਾਂ ਦੀ ਲੋੜ ਹੈ ਤੇ ਅਜਿਹੀ ਸਥਿਤੀ ਵਿੱਚ ਤੀਸਰਾ ਫਰੰਟ ਬਣਨ ਨਾਲ ਹੀ ਸਰਹੱਦੀ ਸੂਬਾ ਦੁਬਾਰਾ ਲੀਹ ਤੇ ਆ ਸਕੇਗਾ । ਉਨਾ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁਦੇ ਹਨ ,ਜਿਨਾ ਨੇ ਪਰਖੀਆਂ ਪਾਰਟੀਆਂ ਕਾਂਗਰਸ,ਭਾਜਪਾ ਤੇ ਬਾਦਲ ਦਲ ਨੂੰ ਵੇਖ ਲਿਆ ਹੈ ਜੋ ਸਤਾ ਲਈ ਜਨਤਾ ਨੂੰ ਝੂਠੇ ਨਾਅਰੇ ਤੇ ਵਾਅਦੇ ਦਿੰਦੇ ਹਨ । ਪਰ ਹਕੂਮਤ ਤੇ ਸਰਕਾਰ ਬਣਨ ਤੇ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ । ਉਨਾ ਅਖਬਾਰੀ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ 4 ਸਾਲ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖਜਾਨੇ ਦੀ ਖੂਬ ਲੁੱਟ ਕਰਦੀਆਂ ਹਨ ਤੇ ਪੰਜਵੇ ਸਾਲ ਗਲੀਆਂ ,ਨਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੇ ਹਨ ਤੇ ਸਟੇਜਾਂ ਤੇ ਦਾਅਵੇ ਕਰਦੇ ਹਨ ਕਿ ਉਨਾ ਲੋਕਾਂ ਦੀ ਸਹੂਲਤ ਲਈ ਬਜਾਰ ਪੱਕੇ ਕੀਤੇ ਹਨ ਜਦਕਿ ਵਿਕਾਸ ਉਸ ਨੂੰ ਆਖਿਆ ਜਾਂਦਾ ਹੈ ,ਜਿਥੇ ਉੱਚ ਪਾਇਦਾਰ ਵਿਦਿਆ,ਸਿਹਤ ਸੇਵਾਵਾਂ ਅਤੇ ਨੌੌਜੁਆਨ ਵਰਗ ਨੂੰ ਰੁਜਗਾਰ ਦੇਣ ਦੇ ਨਾਲ ਨਾਲ ਵੱਡੇ ਪ੍ਰੋਜੈਕਟ ਬਣਾਉਣ ਨਾਲ ਹੀ ਅਸਲ ਵਿੱਚ ਭਵਿੱਖ ਦੀ ਸਿਰਜਨਾ ਹੁੰਦੀ ਹੈ । ਬ੍ਰਹਮਪੁਰਾ ਕਿਹਾ ਕਿ ਉਕਤ ਪਰਖੀਆਂ ਪਾਰਟੀਆਂ ਤੋ ਹਰ ਵਰਗ ਪਾਸਾ ਵੱਟਣਾ ਚਾਹੁੰਦਾ ਹੈ । ਪਾਰਟੀ ਦੇ ਹੈਡ ਆਫਿਸ ਤੋ ਜਾਰੀ ਪ੍ਰੈਸ ਬਿਆਨ ਕਰਦਿਆਂ ਸ ਬ੍ਰਹਮਪੁਰਾ ਨੇ ਹਮ-ਖਿਆਲੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖਿਲਾਫ ਇਕ ਮੰਚ ਤੇ ਇਕੱਠੇ ਹੋ ਕੇ ਲੋਕਾਂ ਨੂੰ ਘੱਟੋ-ਘੱਟ ਪ੍ਰੋਗਰਾਮ ਦੇਣ ਤਾਂ ਜੋ ਤੀਜੇ ਬਦਲ ਬਣਾਇਆ ਜਾ ਸਕੇ ,ਜਿਸ ਨੂੰ ਲੋਕ ਬੜੀ ਤਾਂਗ ਨਾਲ ਵੇਖ ਰਹੇ ਹਨ ।