ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਐਸ.ਜੀ.ਪੀ.ਸੀ. ਪ੍ਰਧਾਨ ਦੇ ਬਿਆਨ ਦੀ ਨਿੰਦਾ

527
Advertisement


ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ਦੇ ਵਿਧਾਇਕ ਫ਼ਤੇਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਜੋਗਿੰਦਰ ਪਾਲ ਅਤੇ ਸੰਤੋਖ ਸਿੰਘ ਭਲਾਈਪੁਰ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਘੱਲੂਘਾਰਾ ਗੁਰਦੁਆਰਾ ਸਾਹਿਬ ਦੀ ਘਟਨਾ ਨੂੰ ਸਿਆਸੀ ਮਕਸਦ ਨਾਲ ਉਠਾ ਕੇ ਮਾਹੌਲ ਖਰਾਬ ਕਰਨ ਲਈ ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਵੱਲੋਂ ਦਿੱਤੇ ਗਏ ਬਿਆਨ ਦੀ ਨਿੰਦਾ ਕੀਤਾ ਹੈ।
ਕਾਂਗਰਸੀ ਵਿਧਾਇਕਾਂ ਨੇ ਐਸ.ਜੀ.ਪੀ.ਸੀ ਪ੍ਰਧਾਨ ਨੂੰ ਸਵਾਲ ਕੀਤਾ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਸੀ ਉਸ ਵੇਲੇ ਉਨ੍ਹਾਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਮੌਕੇ ਕਿੰਨੇ ਕੁ ਅਜਿਹੇ ਆਗੂਆਂ ਨੂੰ ਤਲਬ ਕੀਤਾ ਸੀ ਅਤੇ ਬੇਅਦਬੀ ਸਬੰਧੀ ਹੋਈਆਂ ਘਟਨਾਵਾਂ ਦੀ ਕਿੰਨੀ ਕੁ ਵਾਰ ਨਿੰਦਾ ਕੀਤੀ ਸੀ।
ਇੰਨ੍ਹਾਂ ਵਿਧਾਇਕਾਂ ਨੇ ਐਸ.ਜੀ.ਪੀ.ਸੀ ਪ੍ਰਧਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਕਾਲੀ ਦਲ ਜਾਂ ਬਾਦਲ ਤੇ ਮਜੀਠੀਆ ਪਰਿਵਾਰ ਦਾ ਬੁਲਾਰਾ ਬਣ ਕੇ ਆਪਣੇ ਆਹੁਦੇ ਦੀ ਮਰਿਯਾਦਾ ਨੂੰ ਨਾ ਘਟਾਉਣ। ਉਨ੍ਹਾਂ ਇਸ ਗੱਲ ‘ਤੇ ਵੀ ਸਵਾਲ ਉਠਾਏ ਕਿ ਸਾਲ ਦੇ ਸ਼ੁਰੂ ਵਿੱਚ ਅਕਾਲੀ ਦਲ ਵੱਲੋਂ ਕਾਂਗਰਸ ਵਿਰੁੱਧ ਦਿੱਤੇ ਧਰਨਿਆਂ ਵਿੱਚ ਐਸ.ਜੀ.ਪੀ.ਸੀ ਪ੍ਰਧਾਨ ਦੇ ਸ਼ਾਮਿਲ ਹੋਣ ਦਾ ਕੀ ਮੰਤਵ ਸੀ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਕੀ ਐਸ.ਜੀ.ਪੀ.ਸੀ ਪ੍ਰਧਾਨ ਆਪਣੇ ਆਹੁਦੇ ਦੇ ਸਿਰ ‘ਤੇ ਸਿਆਸਤ ਵਿੱਚ ਦਾਖਿਲ ਹੋਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਨਜ਼ਰ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲ ਦੇ ਅਹੁਦੇ ‘ਤੇ ਹੈ।
ਵਿਧਾਇਕਾਂ ਨੇ ਐਸ.ਜੀ.ਪੀ.ਸੀ ਪ੍ਰਧਾਨ ਨੂੰ ਇਹ ਵੀ ਸਲਾਹ ਦਿੱਤੀ ਕਿ ਸਿਆਸਤ ਨੂੰ ਧਰਮ ਨਾਲ ਨਾ ਜੋੜੋ ਇਸ ਨਾਲ ਪੰਜਾਬ ਵਰਗੇ ਖੁਸ਼ਹਾਲ ਸੂਬੇ ਦੇ ਮਾਹੌਲ ‘ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ  ਇੱਕ ਧਾਰਮਿਕ ਸੰਸਥਾ ਹੈ ਜਿਸ ਦੇ ਪ੍ਰਧਾਨ ਨੂੰ ਨਾ ਤਾਂ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਨਾ ਹੀ ਅਕਾਲੀ ਦਲ ਜਾਂ ਬਾਦਲਾਂ ਵੱਲੋਂ ਸਿਆਸੀ ਬਿਆਨ ਦਾਗਣੇ ਚਾਹੀਦੇ ਹਨ।

Advertisement

LEAVE A REPLY

Please enter your comment!
Please enter your name here