ਚੰਡੀਗੜ੍ਹ, 12 ਅਕਤੂਬਰ (ਵਿਸ਼ਵ ਵਾਰਤਾ)- ”ਪੰਜਾਬ ਆਪਣੇ ਆਪ ਵਿੱਚ ਇਕ ਵੱਡਾ ਬਰਾਂਡ ਹੈ ਜੋ ਸੈਲਾਨੀਆਂ ਨੂੰ ਖਿੱਚਣ ਲਈ ਕਿਸੇ ਦਾ ਮੁਥਾਜ ਨਹੀਂ ਹੈ। ਸਾਡੇ ਸੂਬੇ ਨੇ ਵਿਕਾਸ ਦੇ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾ ਕੇ ਦੇਸ਼ ਦੀ ਅਗਵਾਈ ਕੀਤੀ ਹੈ।” ਇਹ ਗੱਲ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਚੰਡੀਗੜ੍ਹ ਵਿਖੇ ਇਕ ਰੋਜ਼ਾ ‘ਕੌਮੀ ਸੈਰ ਸਪਾਟਾ ਸੰਮੇਲਨ’ ਦਾ ਉਦਘਾਟਨ ਕਰਦਿਆਂ ਸੰਬੋਧਨ ਦੌਰਾਨ ਕਹੀ। ਇਹ ਸੰਮੇਲਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਈਲੈਟ ਟੈਕਨੋਮੀਡੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸ. ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਵਿੱਚ ਪੰਜਾਬ ਸੂਬੇ ਅੰਦਰ ਅਣਗਿਣਤ ਸੰਭਾਵਨਾਵਾਂ ਹਨ ਪਰ ਸਿਰਫ ਲੋੜ ਹੈ ਕਿ ਇਨ੍ਹਾਂ ਨੂੰ ਉਜਾਗਰ ਕਰ ਕੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਉਭਾਰ ਕੇ ਸੈਲਾਨੀਆਂ ਨੂੰ ਖਿੱਚਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੈਰ ਸਪਾਟਾ ਥਾਵਾਂ ‘ਤੇ ਸ਼ਨਾਖਤ ਕਰ ਕੇ ਉਥੇ ਸੈਲਾਨੀਆਂ ਲਈ ਸਹੂਲਤਾਂ ਮੁਹੱਈਆ ਕਰਵਾ ਕੇ ਸੈਲਾਨੀਆਂ ਨੂੰ ਖਿੱਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਆਮਦ ਲਈ ਬਿਹਤਰ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਲੋੜ ਹੈ ਕਿਉਂਕਿ ਬਹੁਤੇ ਸੈਲਾਨੀ ਸਹੂਲਤਾਂ ਦੀ ਘਾਟ ਕਾਰਨ ਧਾਰਮਿਕ, ਇਤਿਹਾਸਕ ਤੇ ਵਿਰਾਸਤੀ ਥਾਵਾਂ ਦੇ ਦਰਸ਼ਨ ਕਰਨ ਉਪਰੰਤ ਇਕ ਦਿਨ ਵਿੱਚ ਹੀ ਵਾਪਸ ਮੁੜ ਜਾਂਦੇ ਹਨ ਜੇਕਰ ਸੈਲਾਨੀਆਂ ਲਈ ਰਹਿਣ, ਵਧੀਆ ਖਾਣ-ਪੀਣ ਅਤੇ ਮਨੋਰੰਜਨ ਦੇ ਸਾਧਨ ਸਥਾਪਤ ਕੀਤੇ ਜਾਣ ਤਾਂ ਇਹੋ ਸੈਲਾਨੀ ਦੋ-ਤਿੰਨ ਦਿਨ ਰਹਿ ਕੇ ਜਾਣ ਅਤੇ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬ ਦੀਆਂ ਜੜ੍ਹਾਂ ਨਾਲ ਜੋੜਨਾ ਚਾਹੁੰਦੇ ਹਨ ਅਤੇ ਪੰਜਾਬ ਪਰਵਾਸੀ ਪੰਜਾਬੀਆਂ ਲਈ ਵੱਡਾ ਖਿੱਚ ਦਾ ਕੇਂਦਰ ਸਥਾਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਲਈ ਸੈਰ ਸਪਾਟਾ ਥਾਵਾਂ ‘ਤੇ ਵਧੀਆ ਕੈਫੇਟੇਰੀਆ ਅਤੇ ਲੈਡ ਸਕੇਪਿੰਗ ਵਾਲੇ ਪਾਰਕ ਸਥਾਪਤ ਕਰਨ ਦੀ ਲੋੜ ਹੈ ਤਾਂ ਜੋ ਸੈਲਾਨੀ ਚੰਗਾ ਅਨੁਭਵ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਵਸੋਂ ਪਿੰਡਾਂ ਵਿੱਚ ਵਸਦੀ ਹੈ ਅਤੇ ‘ਫਾਰਮ ਟੂਰਿਜ਼ਮ’ ਰਾਹੀਂ ਦਿਹਾਤੀ ਸੈਰ ਸਪਾਟਾ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।
ਸ. ਸਿੱਧੂ ਨੇ ਅੰਮ੍ਰਿਤਸਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਵਿੱਚ ਬਾਹਰੋਂ ਆਉਣ ਵਾਲਿਆਂ ਦੀ ਗਿਣਤੀ ਇਕ ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਧਾਰਮਿਕ ਸੈਲਾਨੀਆਂ ਲਈ ਸਸਤੀਆਂ ਦਰਾਂ ਵਾਲੇ ਹੋਟਲ ਬਣਾਏ ਜਾਣ ਤਾਂ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਦਾ ਆਧਾਰ ਧਰਮ ਨਿਰਪੱਖਤਾ ਹੈ ਜਿਸ ਦੀ ਸਭ ਤੋਂ ਵੱਡੀ ਉਦਾਹਰਨ ਸ੍ਰੀ ਦਰਬਾਰ ਸਾਹਿਬ ਹੈ ਜਿਸ ਦੇ ਚਹੁੰ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਿਰ, ਵਾਲਮੀਕ ਤੀਰਥ ਸਥਲ, ਜਲਿਆ ਵਾਲਾ ਬਾਗ, ਗੋਬਿੰਦਗੜ੍ਹ ਕਿਲਾ, ਵਾਹਗਾ ਸਰਹੱਦ ਆਦਿ ਅਜਿਹੇ ਸਥਾਨ ਹਨ ਜੋ ਹਰ ਵਰਗ ਦੇ ਸੈਲਾਨੀਆਂ ਦਾ ਪਹੁੰਚ ਸਥਾਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਕਲਾਨੌਰ (ਗੁਰਦਾਸਪੁਰ) ਵਿਖੇ ਹੋਈ ਸੀ ਅਤੇ ਇਸ ਇਤਿਹਾਸਕ ਥਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੌਰਵਸ਼ਾਲੀ ਇਤਿਹਾਸ ਸੈਰ ਸਪਾਟਾ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾ ਸਕਦਾ ਹੈ।
ਮੈਡੀਕਲ ਸੈਰ ਸਪਾਟਾ ਦੀ ਗੱਲ ਕਰਦਿਆਂ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਬਹੁਤੇ ਵਿਦੇਸ਼ੀ ਭਾਰਤ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਖਾਸ ਕਰ ਕੇ ਅੰਮ੍ਰਿਤਸਰ ਵਿਖੇ ਦੋ ਜਾਂ ਤਿੰਨ ਵੱਡੇ ਹਸਪਤਾਲ ਬਣਾਏ ਜਾਣ ਤਾਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ 20-25 ਸਰਕਾਰੀ ਹੋਟਲ ਤੇ ਰੈਸਟੋਰੈਂਟ ਹਨ ਜਿਹੜੇ ਸੈਰ ਸਪਾਟਾ ਪੱਖ ਤੋਂ ਬਹੁਤ ਅਹਿਮੀਅਤ ਰੱਖਦੇ ਹਨ। ਉਨ੍ਹਾਂ ਰੂਪਨਗਰ ਸਥਿਤ ਪਿੰਕਾਸ਼ੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਰਮਣੀਕ ਅਤੇ ਖਿੱਚ ਭਰਪੂਰ ਸਥਾਨ ਨੂੰ ਮੁੜ ਸੈਲਾਨੀ ਕੇਂਦਰ ਵਜੋਂ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਬੰਦ ਪਏ ਸਰਕਾਰੀ ਹੋਟਲਾਂ ਤੇ ਰੈਸਟੋਰੈਂਟਜ਼ ਨੂੰ ਮੁੜ ਚਲਵਾਏਗੀ ਜਿਸ ਨਾਲ ਸੈਲਾਨੀਆਂ ਨੂੰ ਵੀ ਸਹੂਲਤ ਮਿਲੇਗੀ ਅਤੇ ਸਰਕਾਰ ਦੇ ਆਰਥਿਤ ਵਸੀਲੇ ਵੀ ਮਜ਼ਬੂਤ ਹੋਣਗੇ।
ਸੰਮੇਲਨ ਵਿੱਚ ਹਿੱਸਾ ਲੈ ਰਹੇ ਸੈਰ ਸਪਾਟਾ ਨਾਲ ਜੁੜੇ ਅਧਿਕਾਰੀਆਂ ਤੇ ਮਾਹਿਰਾਂ ਨੂੰ ਸ. ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਉਨ੍ਹਾਂ ਨੂੰ ਹਰ ਪੱਖੋਂ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ, ”ਜ਼ਿੰਦਗੀ ਦੇ ਹਰ ਖੇਤਰ ਵਿੱਚ ਮੈਂ ਕਾਮਯਾਬੀ ਹਾਸਲ ਕੀਤੀ ਹੈ ਅਤੇ ਜੋ ਵੀ ਮੈਂ ਚਾਹਿਆ, ਉਸ ਨੂੰ ਹਾਸਲ ਕੀਤਾ ਹੈ। ਮੇਰੀ ਸਭ ਤੋਂ ਵੱਡੀ ਤਮੰਨਾ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਹੈ ਅਤੇ ਸੈਰ ਸਪਾਟਾ ਵਿਭਾਗ ਰਾਹੀਂ ਮੈਨੂੰ ਇਹ ਇੱਛਾ ਪੂਰੀ ਹੁੰਦੀ ਜਾਪਦੀ ਹੈ।”
ਇਸ ਤੋਂ ਪਹਿਲਾਂ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਸਮੇਤ ਬਾਹਰੋਂ ਆਏ ਮਹਿਮਾਨਾਂ, ਮਾਹਿਰਾਂ ਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਫਿਲਮ ਅਦਾਕਾਰਾ ਅਤੇ ਮਾਇਨਾਨਗਰੀ ਕੰਪਨੀ ਜਿਸ ਨੇ ਗੋਬਿੰਦਗੜ੍ਹ ਕਿਲਾ ਦਾ ਨਵੀਨੀਕਰਨ ਕੀਤਾ, ਦੀ ਮੁਖੀ ਦੀਪਾ ਸਾਹੀ, ਫਿਲਮ ਨਿਰਮਾਤਾ ਕੇਤਨ ਮਹਿਤਾ, ਵਿਸ਼ਵ ਬੈਂਕ ਗਰੁੱਪ ਦੇ ਐਲਬਰਟ ਸੋਲ, ਓਬੈਰ ਈਟਸ ਦੇ ਭਾਵਿਕ ਰਾਠੌਰ, ਮੁੰਬਈ ਪੋਰਟ ਟਰੱਸਟ ਦੇ ਸੰਜੇ ਭਾਟੀਆ, ਦਿਹਾਤੀ ਸੈਰ ਸਪਾਟਾ ਮਾਹਿਰ ਸ੍ਰੀ ਐਸ.ਕੇ. ਮਿਸ਼ਰਾ, ਭਾਰਤੀ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ ਦੀ ਪ੍ਰਬੰਧਕੀ ਨਿਰਦੇਸ਼ਕ ਰਵਨੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਈਲੈਟ ਟੈਕਨੋਮੀਡੀਆ ਦੇ ਸੀ.ਈ.ਓ. ਡਾ.ਰਾਵੀ ਗੁਪਤਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਮੇਲਨ ਦਾ ਮੰਤਵ ਦੇਸ਼ ਅੰਦਰ ਸੈਰ ਸਪਾਟਾ ਲਈ ਮੌਜੂਦ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਸੈਲਾਨੀਆਂ ਨੂੰ ਪ੍ਰੇਰਨਾ ਹੈ।
ਇਸ ਮੌਕੇ ‘ਈ-ਗਵ’ ਮੈਗਜ਼ੀਨ ਦਾ ਅਕਤੂਬਰ ਅੰਕ ਰਿਲੀਜ਼ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸ. ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਉਦਘਾਟਨੀ ਸੈਸ਼ਨ ਤੋਂ ਬਾਅਦ ਤਕਨੀਕੀ ਸੈਸ਼ਨ ਵੀ ਹੋਏ, ਜਿਸ ਵਿੱਚ ਵੱਖ-ਵੱਖ ਮਾਹਿਰਾਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਪੈਨਸ ਬਹਿਸਾਂ ਵਿੱਚ ਹਿੱਸਾ ਲੈਂਦਿਆਂ ਆਪੋ-ਆਪਣੇ ਵਿਸ਼ਿਆਂ ‘ਤੇ ਵਿਚਾਰ ਵੀ ਸਾਂਝੇ ਕੀਤੇ। ਮਾਹਿਰਾਂ ਤੇ ਅਧਿਕਾਰੀਆਂ ਵਿੱਚ ਪੰਜਾਬ ਦੇ ਸਬੰਧਤ ਵਿਭਾਗਾਂ ਅਤੇ ਸ਼ਹਿਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲਿਆਂਦਾ ਗਿਆ ਪੰਜਾਬ ਅੱਜ ਅਜਨਾਲਾ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ...