ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਨੂੰ ਉਸ ਦੀ ਜਨਮ ਭੂਮੀ ਮਾਣੂਕੇ ਨੇ ਸਨਮਾਨਿਆ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ)-ਸੱਤ ਅੱਠ ਦਿਨ ਪਹਿਲਾਂ ਅੱਧੀ ਸਦੀ ਪੁਰਾਣੇ ਸਾਥੀ ਸ਼ਮਸ਼ੇਰ ਦਾ ਚੰਡੀਗੜ੍ਹ ਤੋਂ ਫ਼ੋਨ ਆਇਆ, ਮੇਰੀ ਜਨਮ ਭੂਮੀ ਮਾਣੂਕੇ (ਲੁਧਿਆਣਾ)ਨੇ ਪੰਦਰਾਂ ਦਸੰਬਰ ਨੂੰ ਬੁਲਾਇਆ ਹੈ, ਚੱਲੇਂਗਾ?
ਮੈਂ ਨਾਂਹ ਕਿਵੇਂ ਕਰ ਸਕਦਾਂ, ਪੱਕਾ ਜਾਵਾਂਗਾ।
ਸ਼ਮਸ਼ੇਰ ਸਿੰਘ ਸੰਧੂ ਬਾਰੇ ਬਹੁਤਾ ਜੱਗ ਜਹਾਨ ਇਹੀ ਜਾਣਦਾ ਹੈ ਕਿ ਉਸ ਦਾ ਪਿੰਡ ਸਿੱਧਵਾਂ ਬੇਟ ਕੋਲ ਮਦਾਰਪੁਰਾ ਹੈ। ਉਹ ਤਾਂ ਮਗਰੋਂ ਬਣਿਆ ਸਰਕਾਰੀ ਅਲਾਟਮੈਂਟ ਵਾਲਾ ਪਿੰਡ ਹੈ। ਅਸਲੀ ਤਾਂ ਮਾਣੂੰਕੇ ਹੀ ਹੈ। ਮਾਣੂੰਕੇ ਵੀ ਦੋ ਨੇ। ਇੱਕ ਗਿੱਲਾਂ ਦਾ ਮੋਗੇ ਵਿੱਚ, ਬੰਤ ਵਾਲਾ ਤੇ ਦੂਜਾ ਲੁਧਿਆਣਾ ਚ ਮਾਣੂੰਕੇ ਸੰਧੂਆਂ।
ਸ਼ਮਸ਼ੇਰ ਦਾ ਜਨਮ ਇਸ ਪਿੰਡ ਦਾ ਹੈ। ਇਨ੍ਹਾਂ ਦੇ ਟੱਬਰ ਨੂੰ ਮੁਰੱਬਿਆਂ ਵਾਲੇ ਕਹਿੰਦੇ ਨੇ, ਬਾਰ ਵਿੱਚੋਂ ਆਉਣ ਕਰਕੇ।
ਜਿਸ ਪੱਤੀ ਚ ਇਨ੍ਹਾਂ ਦਾ ਘਰ ਸੀ ਉਥੇ ਨੇੜੇ ਵੱਡਾ ਛੱਪੜ ਸੀ ਜਿੱਥੇ ਖੇਡਦਾ ਰਿੜ੍ਹਦਾ ਸ਼ਮਸ਼ੇਰ ਡੁੱਬ ਚੱਲਿਆ ਸੀ। ਬਾਪੂ ਹਰਦਿਆਲ ਸਿੰਘ ਸੰਧੂ ਦੀ ਨਜ਼ਰ ਪੈ ਗਈ ਅਚਨਚੇਤ। ਉਸ ਜੀ ਭਿਆਣੇ ਹੱਥ ਵਧਾਇਆ ਤੇ ਸ਼ਮਸ਼ੇਰ ਦੀ ਤੜਾਗੀ ਚ ਹੱਥ ਪੈ ਗਿਆ। ਉਨ੍ਹਾਂ ਬਾਹਰ ਖਿੱਚ ਲਿਆ ਨਹੀਂ ਤਾਂ ਜਾਹ ਜਾਂਦੀ ਹੋ ਜਾਂਦੀ। ਮੱਖਣ ਦੇ ਪਿੰਨੇ ਚ ਸੰਧੂਰ ਰਲ਼ੇ ਵਰਗਾ ਸੰਧੂਰੀ ਸੰਧੂ। ਉਮਰ ਦੇ 70ਵੇਂ ਸਾਲ ਚ ਵੀ ਪੱਬ ਉੱਠਦੈ। ਲੋਕ ਗਾਇਕ ਹਰਦੀਪ ਅਕਸਰ ਕਹਿੰਦੈ, ਸ਼ਮਸ਼ੇਰ ਭਾਅ ਨੇ ਉਮਰ ਨੂੰ ਬੰਨ੍ਹ ਕੇ ਰੱਖਿਆ ਹੋਇਐ। ਮਜ਼ਾਲ ਹੈ ਬੁਢਾਪਾ ਨੇੜੇ ਖਹਿ ਜਾਵੇ।
ਖ਼ੈਰ! ਸ਼ਮਸ਼ੇਰ ਨਾਲ ਜਾਣਾ ਹੀ ਪੈਣਾ ਸੀ ਭਾਵੇਂ ਪਿਰਥੀਪਾਲ ਦੇ ਪਿੰਡ ਕੋਟਲਾ ਸ਼ਾਹੀਆ (ਬਟਾਲਾ) ਦੀਆਂ ਕਮਲਜੀਤ ਖੇਡਾਂ ਤੋਂ 14 ਦੀ ਬੀਤੀ ਰਾਤ ਕੁਵੇਲੇ ਡਾਃ ਗੁਰਇਕਬਾਲ ਸਿੰਘ ਦਾ ਸੰਗ ਸਾਥ ਮਾਣਦਿਆਂ ਮੁੜਿਆ ਸਾਂ। ਥਕੇਵਾਂ ਤਾਂ ਸੀ ਪਰ ਸ਼ਮਸ਼ੇਰ ਨਾਲ ਕੀਤਾ ਕੌਲ ਵੀ ਪੁਗਾਉਣਾ ਸੀ।
ਸ਼ਮਸ਼ੇਰ ਚੰਡੀਗੜ੍ਹੋਂ ਆਪਣੇ ਸੱਜਣ ਜਗਜੀਤ ਸਿੰਘ ਸੰਧੂ ਸਮੇਤ ਸਾਡੇ ਘਰ ਪਹੁੰਚਾ ਤਾਂ ਅਸੀਂ ਮਾਣੂੰਕੇ ਨੂੰ ਚਾਲੇ ਪਾ ਲਏ।
ਗੀਤਕਾਰ ਜਗਦੇਵ ਮਾਨ ਸਾਨੂੰ ਨਾਲੋ ਨਾਲ ਰਾਹ ਦੱਸ ਰਿਹਾ ਸੀ ਮੁੱਲਾਂਪੁਰ ਵੱਲ ਦੀ ਆਇਉ, ਨੂਰਪੁਰੇ ਤੋਂ ਸੜਕ ਪਾਟਦੀ ਹੈ ਕਮਾਲਪੁਰੇ ਵੱਲ ਨੂੰ ਤਲਵੰਡੀ ਰਾਏ ਵਿੱਚੋਂ ਦੀ, ਕਮਾਲਪੁਰੇ ਤੋਂ ਕਲਗੀਧਰ ਸਟੈਡੀਅਮ ਪੁੱਛ ਲੈਣਾ। ਨੇੜੇ ਹੀ ਲੰਮੇ ਜੱਟਪੁਰੇ ਵਾਲਾ ਗੇਟ ਹੈ, ਸਿੱਧੇ ਮਾਣੂੰਕੇ ਪਹੁੰਚ ਜਾਇਉ।
ਮੈਨੂੰ ਰਾਹ ਤਾਂ ਪਤਾ ਸੀ ਪਰ ਜਗਦੇਵ ਦੀ ਆਪਣੇ ਉਸਤਾਦ ਲਈ ਫ਼ਿਕਰਮੰਦੀ ਚੰਗੀ ਚੰਗੀ ਲੱਗ ਰਹੀ ਸੀ।
ਸ਼ਮਸ਼ੇਰ ਤੇ ਮੈਂ ਜਦ ਯਾਦਾਂ ਦੀਆਂ ਗਲੀਆਂ ਚ ਚਲੇ ਜਾਂਦੇ ਤਾਂ ਸੁਣਨ ਵਾਲੇ ਨੂੰ ਕਈ ਵਾਰ ਨੀਮ ਪਾਗ਼ਲ ਵੀ ਲੱਗਦੇ ਹੋਵਾਂਗੇ। ਕਿਵੇਂ ਲੂਣ ਲਾ ਕੇ ਕੇਲੇ ਖਾਂਦਿਆਂ 1972-73 ਚ ਏਸੇ ਨੂੰ ਹੀ ਐਸ਼ ਕਹਿੰਦੇ ਸਾਂ। ਘੁਮਾਰ ਮੰਡੀ ਚ ਗਿੱਲ ਢਾਬੇ ਦੇ ਕੀਮਾ ਨਾਨ ਤਾਂ ਵੱਡੀ ਅਯਾਸ਼ੀ ਸੀ। ਹਲਵਾਰੇ ਸਧਾਰ ਪੁਲ ਪਾਰ ਕਰਕੇ ਅਸੀਂ ਕੇਲਿਆਂ ਦੀ ਰੇੜ੍ਹੀ ਤੇ ਰੁਕ ਕੇ ਆਪਣੀ ਉਮਰ ਚੋਂ ਪੰਜਾਹ ਪੰਜਾਹ ਸਾਲ ਖ਼ਾਰਜ ਕਰ ਲਏ। ਨਿੱਕੀਆਂ ਨਿੱਕੀਆਂ ਗੱਲਾਂ ਚੇਤੇ ਕਰਦਿਆਂ ਮਾਣੂੰਕੇ ਵੱਲ ਚੱਲ ਪਏ।
ਰਾਹ ਵਿੱਚ ਇਸ ਇਲਾਕੇ ਦੇ ਨਾਇਕ ਖਲਨਾਇਕ ਚੇਤੇ ਕੀਤੇ। ਬਸੀਆਂ ਕੋਠੀ ਦਾ ਵਿਕਾਸ ਕਿਵੇਂ ਕਰਵਾਇਆ ਸਃ ਪਰਕਾਸ਼ ਸਿੰਘ ਬਾਦਲ ਤੋਂ। ਰਣਜੀਤ ਸਿੰਘ ਤਲਵੰਡੀ, ਪਿਰਥੀਪਾਲ, ਪਰਮਿੰਦਰ ਜੱਟਪੁਰੀ ਤੇ ਅਮਨਦੀਪ ਸਿੰਘ ਗਿੱਲ ਸਮੇਤ ਸਮੂਹ ਸਾਥੀਆਂ ਦੀ ਹਿੰਮਤ ਕਿਵੇਂ ਸੁਪਨੇ ਤੋਂ ਹਕੀਕਤ ਚ ਬਦਲੀ। ਲਗਪਗ ਛੇ ਕਰੋੜ ਲੱਗ ਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬਣਿਆ। ਸਿਆਸੀ ਸ਼ਿਕਰਿਆਂ ਨੇ ਕਿੱਥੇ ਕਿੱਥੇ ਚੁੰਝਾਂ ਮਾਰੀਆਂ, ਕਿਸ ਸਹਿਯੋਗ ਕੀਤਾ, ਬੜਾ ਕੁਝ ਚੇਤੇ ਆਇਆ। ਉਜਾੜ ਬੀਆਬਾਨ ਕਿਵੇਂ ਹੁਣ ਖਿੱਚ ਦਾ ਕੇਂਦਰ ਹੈ, ਚੇਤੇ ਕਰਕੇ ਹੀ ਰੂਹ ਖਿੜਦੀ ਹੈ।
ਕਮਾਲਪੁਰੇ ਚੋਂ ਲੰਘਦਿਆਂ ਵੇਖਿਆ ਕਿ ਟੂਰਨਾਮੈਂਟ ਚੱਲ ਰਿਹਾ ਸੀ। ਇਥੋਂ ਦਾ ਕਲਗੀਧਰ ਟੂਰਨਾਮੈਂਟ ਪੌਣੀ ਸਦੀ ਪੁਰਾਣਾ ਹੈ। ਕਾਲਿਜ ਕੋਲੋਂ ਲੰਘਦਿਆਂ ਡਾਃ ਬਲਵੰਤ ਸਿੰਘ ਸੰਧੂ ਨੂੰ ਯਾਦ ਕੀਤਾ, ਜੋ ਏਥੇ ਪ੍ਰਿੰਸੀਪਲ ਹੈ। ਪ੍ਰਿੰਸੀਪਲ ਸਰਵਣ ਸਿੰਘ ਖੇਡ ਲਿਖਾਰੀ ਦਾ ਖੇਡ ਲਿਖਾਰੀ ਭਤੀਜਾ।
ਮਾਣੂੰਕੇ ਵੜਨ ਸਾਰ ਸ਼ਮਸ਼ੇਰ ਨੇ ਦੱਸਿਆ ਕਿ ਆਹ ਸੁੰਦਰ ਸਥਾਨ ਸਾਡੇ ਪੁਰਖੇ ਕਾਲਾ ਮਹਿਰ ਦੀ ਹੈ, ਜਿੱਥੇ ਅਸੀਂ ਸਾਰੇ ਸੰਧੂ ਦੀਵਾਲੀ ਤੋਂ ਅਗਲੇ ਦਿਨ ਮਿੱਟੀ ਪੁੱਟਣ ਆਉਂਦੇ ਹਾਂ। ਇਥੇ ਸ਼ਰਾਬ, ਦੁੱਧ, ਖੀਰ ਤੇ ਹੋਰ ਅਨੇਕ ਪਕਵਾਨ ਚੜ੍ਹਾਏ ਜਾਂਦੇ ਨੇ ਪਰ ਬਹੁਤੀ ਉਡੀਕ ਦਾਰੂ ਦੀ ਹੀ ਕਰਦੇ ਨੇ ਸ਼ਰਾਬੀ।
ਸੇਵਾਦਾਰਾਂ ਦੀ ਸੇਵਾ ਵੀ ਕਮਾਲ ਹੁੰਦੀ ਹੈ। ਮਾਝੇ ਦਾ ਜੰਮਿਆ ਹੋਣ ਕਾਰਨ ਮੇਕੇ ਲਈ ਇਹ ਵਰਤਾਰਾ ਬਿਲਕੁਲ ਵੱਖਰਾ ਸੀ। ਸਾਡੇ ਸਾਥੀ ਸਹਿਯਾਤਰੀ ਜਗਜੀਤ ਲਈ ਵੀ, ਉਹ ਵੀ ਮੇਰੇ ਵਾਂਗ ਪਿੱਛੋਂ ਸਿਆਲਕੋਟੀਆ ਹੈ।
ਪੰਡ ਦੇ ਵਿਚਕਾਰ ਧਰਮਸ਼ਾਲਾ ਪੁੱਛ ਕੇ ਪਹੁੰਚੇ ਤਾਂ ਪ੍ਰਬੰਧਕ ਉਡੀਕ ਰਹੇ ਸਨ।
ਸ਼ਬਦ ਅਦਬ ਸਾਹਿੱਤ ਸਭਾ ਦਾ ਇਹ ਦੂਜਾ ਸਾਲਾਨਾ ਸਮਾਗਮ ਸੀ, ਜਿਸ ਚ ਸ਼ਮਸ਼ੇਰ , ਗਿੱਲ ਹਰਦੀਪ ਗਾਇਕ, ਗੀਤਕਾਰ ਮੰਗਲ ਬਰਾੜ , ਗ਼ਜ਼ਲਗੋ ਰਾਜਦੀਪ ਤੂਰ, ਪ੍ਰੋਃ ਗੁਰਦੇਵ ਸਿੰਘ ਸੰਦੌੜ ਜਹੀਆਂ ਸਿਰਕੱਢ ਸ਼ਖ਼ਸੀਅਤਾਂ ਨੂੰ ਸਨਮਾਨਿਆ।
ਸਭ ਨੇ ਗੱਲਾਂ ਕਰਦਿਆਂ ਪਿੰਡਾਂ ਚ ਸਾਹਿੱਤ ਸੰਚਾਰ ਰਾਹੀਂ ਲੋਕ ਚੇਤਨਾ ਦੀ ਗੱਲ ਕਹੀ। ਵਧੀਆ ਗੱਲ ਇਹ ਸੀ ਕਿ ਇਹ ਸਮਾਗਮ ਮਾਣੂੰਕੇ ਦੇ ਪ੍ਰਸਿੱਧ ਕਾਰੋਬਾਰੀ ਸ਼੍ਰੀ ਰਾਜ ਕੁਮਾਰ ਗੋਇਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੀ। ਉਹ ਮਾਰਕੀਟ ਕਮੇਟੀ ਹਠੂਰ ਦੇ ਵੀ ਚੇਅਰਮੈਨ ਰਹੇ ਸਨ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਉਮਰ ਭਰ ਸਹਿਯੋਗੀ ਰਹੇ। ਉਨ੍ਹਾਂ ਦੀ ਯਾਦ ਚ ਸਭਾ ਨੇ ਲਾਇਬਰੇਰੀ ਬਣਾਈ ਹੈ ਧਰਮਸਾਲਾ ਵਿੱਚ। ਇਹ ਧਰਮਸ਼ਾਲਾ ਵੀ ਡੇਢ ਸੌ ਸਾਲ ਪੁਰਾਣੀ ਹੈ ਪਿੰਡ ਦੇ ਵਿਚਕਾਰ।
ਮੈਨੂੰ ਯਾਦ ਆਇਆ ਕਿ ਧਰਮਸਾਲ ਕਦੇ ਗਿਆਨ, ਇਲਾਜ, ਧਰਮ ਤੇ ਪੁਸਤਕਾਂ ਦਾ ਕੇਂਦਰ ਹੁੰਦੀ ਸੀ। ਹੁਣ ਵੱਖ ਵੱਖ ਹਿੱਸੇ ਹੋ ਗਏ। ਫਾੜੀ ਫਾੜੀ ਜ਼ਿੰਦਗੀ। ਸਮੁੱਚ ਕਿੱਧਰ ਗਿਆ?
ਰਾਜਕੁਮਾਰ ਗੋਇਲ ਜੀ ਦਾ ਪਰਿਵਾਰ ਸੇਵਾ ਚ ਹਾਜ਼ਰ ਸੀ। ਉਨ੍ਹਾਂ ਦਾ ਸਪੁੱਤਰ ਜੀਵਨ ਕੁਮਾਰ ਗੋਲਡੀ , ਪੰਜਾਬੀ ਨਾਵਲਕਾਰ ਜਸਵਿੰਦਰ ਸਿੰਘ ਸ਼ਿੰਦਾ, ਗੀਤਕਾਰ ਗੁਰਜਿੰਦਰ ਸਿੰਘ ਸੰਧੂ,ਸਾਬਕਾ ਸਰਪੰਚ ਸਾਧੂ ਸਿੰਘ ਸੰਧੂ ਤੇ ਹੋਰ ਸੱਜਣ ਪਿਆਰਿਆਂ ਦੀ ਹਾਜ਼ਰੀ ਚ ਗੀਤਕਾਰ ਜਗਦੇਵ ਮਾਨ, ਅਜੀਤਪਾਲ ਜੀਤੀ ਨੇ ਚੰਗਾ ਰੰਗ ਭਰਿਆ।
ਇਸ ਇਕਰਾਰ ਨਾਲ ਮਾਣੂੰਕਿਆਂ ਤੋਂ ਪਰਤੇ ਕਿ ਅਗਲੇ ਸਾਲ ਬਿਨ ਸੱਦਿਆਂ ਆਵਾਂਗੇ।
ਜਗਦੇਵ ਮਾਨ ਨੇ ਉਥੇ ਹੀ ਸਾਈ ਫੜਾ ਦਿੱਤੀ ਕਿ ਜਨਵਰੀ ਚ ਮੇਰੇ ਖਿੰਡ ਸ਼ੇਖਦੌਲਤ ਆਉ। ਜਾਵਾਂਗੇ ਪਰ ਇੱਕ ਸ਼ਰਤ ਤੇ ਕਿ ਉਹ ਇੱਕੋ ਸਬਜ਼ੀ ਸਲੂਣੇ ਨਾਲ ਰੋਟੀ ਖੁਆਏਗਾ, ਸੇਵਾ ਨਹੀਂ ਕਰੇਗਾ, ਭਾਵੇਂ ਸਾਗ ਰਿੰਨ ਲਵੇ ਭਾਵੇਂ ਕੁੱਕੜ। ਮਰਜ਼ੀ ਓਹਦੀ। ਮਗਰੋਂ ਮੂੰ ਮਿੱਠੇ ਲਈ ਸ਼ੱਕਰ ਦਾ ਫੱਕਾ।