ਪੰਚਾਇਤ ਮੰਤਰੀ ਧਾਲੀਵਾਲ ਵੱਲੋਂ ਪਵਿੱਤਰ ਵੇਈਂ ਉੱਪਰ ਬਣੇ ਪੁਲ਼ ਦਾ ਉਦਘਾਟਨ
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗਊਸ਼ਾਲਾ ਵਾਲੀ ਸਰਕਾਰੀ ਜ਼ਮੀਨ ਸਰਕਾਰ ਨੂੰ ਸੌਂਪਣ ਦੀ ਪੇਸ਼ਕਸ਼
ਸੁਲਤਾਨਪੁਰ ਲੋਧੀ , 20 ਫ਼ਰਵਰੀ(ਵਿਸ਼ਵ ਵਾਰਤਾ) ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਚਾਇਤ ਵਿਭਾਗ ਵੱਲੋਂ ਹੁਣ ਤੱਕ 10 ਹਜ਼ਾਰ ਏਕੜ ਸਰਕਾਰੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ ਹੈ । ਉਨਾਂ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ , ਰਸੂਖਦਾਰ ਲੋਕਾਂ ਨੂੰ ਕਿਹਾ ਕਿ ਉਹ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਚ ਸਾਰਥਿਕ ਭੂਮਿਕਾ ਨਿਭਾਉਣ ।
ਅੱਜ ਇੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਫਤਿਹਪੁਰ ਤੋਂ ਭਰੋਆਣਾ ਰਸਤੇ ਉੱਪਰ ਪਵਿੱਤਰ ਵੇਈਂ ਤੇ ਬਣੇ ਪੁਲ਼ ਦਾ ਉਦਘਾਟਨ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਸੂਬੇ ਅੰਦਰ 1.30 ਲੱਖ ਏਕੜ ਅਜਿਹੀ ਸਰਕਾਰੀ ਜ਼ਮੀਨ ਦੀ ਪਹਿਚਾਣ ਕੀਤੀ ਹੈ ਜਿਸ ਉੱਪਰ ਨਾਜਾਇਜ਼ ਕਬਜ਼ੇ ਹਨ ਜਿਨਾਂ ਨੂੰ ਛੁਡਾਇਆ ਜਾ ਰਿਹਾ ਹੈ । ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਕਿਸੇ ਵੀ ਲੋੜਵੰਦ ਕੋਲ਼ੋਂ ਜ਼ਮੀਨ ਦਾ ਕਬਜ਼ਾ ਨਹੀਂ ਲਿਆ ਜਾਵੇਗਾ ਸਗੋਂ ਜਮੀਨ ਉਹਨਾਂ ਨੂੰ ਹੀ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉਨਾਂ ਇਹ ਵੀ ਕਿਹਾ ਕਿ ਨਵੀਂ ਖੇਤੀ ਨੀਤੀ ਜੋ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਹੈ, ਵਿੱਚ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ 3 ਫਸਲਾਂ ਵਾਲੀ ਯੋਜਨਾਬੰਦੀ ਨੂੰ ਵੀ ਅਹਿਮੀਅਤ ਦਿੱਤੀ ਜਾਵੇਗੀ ।
ਪਵਿੱਤਰ ਕਾਲੀ ਵੇਈਂ ਤੇ ਪਿੰਡ ਫਤਿਹਵਾਲ ਮੰਡ ਇਲਾਕੇ ਵਿਚ ਰੱਖੇ ਗਏ ਪੁੱਲ ਦਾ 17 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ । ਲਗਭਗ 142 ਫੁੱਟ ਲੰਬਾ, 9 ਫੁੱਟ ਉੱਚੇ ਅਤੇ 6 ਫੁੱਟ ਦੇ ਕਰੀਬ ਚੌੜੇ ਇਸ ਪੁੱਲ ਨਾਲ 19 ਕਿਲੋਮੀਟਰ ਤੋਂ ਘੱਟ ਕੇ 5 ਕਿਲੋਮੀਟਰ ਰਹਿ ਜਾਵੇਗਾ।
ਇਸ ਮੌਕੇ ਅਵਤਾਰ ਗਊਸ਼ਾਲਾ ਦਾ ਦੌਰਾ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਧਾਲੀਵਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਰੇ ਕੰਮ ਸਰਕਾਰਾਂ ਕਰਨ ਦੇ ਸਮਰੱਥ ਨਹੀ ਹੁੰਦੀਆਂ ਸਗੋਂ ਲੋਕਾਂ ਦੇ ਸਹਿਯੋਗ ਨਾਲ ਕੰਮ ਕੀਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਪਿੰਡ ਫਤਿਹਵਾਲ ਵਿਖੇ ਗਊਸ਼ਾਲਾ ਬਣਨ ਨਾਲ ਇਹ ਇਲਾਕੇ ਦੇਖਣਯੋਗ ਬਣ ਗਿਆ ਹੈ। ਉਹਨਾਂ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਪੰਜਾਬ ਦੀ ਕੀਤੀ ਜਾ ਰਹੀ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਸੇਵਾ ਸਮਾਜ ਦੀ ਰੀਡ ਦੀ ਹੱਡੀ ਹੈ ਜਿਹੜੀ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੀ ਹੈ।
ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ੲਰੀਏ ਵਿਚ ਗਊਸ਼ਾਲਾ ਵਾਲੀ ਸਰਕਾਰੀ ਜ਼ਮੀਨ ਪੰਜਾਬ ਸਰਕਾਰ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਗਈ, ਜਿਸ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਜਲਦ ਫੈਸਲਾ ਕੀਤਾ ਜਾਵੇਗਾ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ , ਐਸ ਡੀ ਐਮ ਚੰਦਰਾਜੋਤੀ , ਡੀ ਡੀ ਪੀ ਓ ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ।