ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

617
Advertisement


ਚੰਡੀਗਡ਼੍ਹ, 21 ਅਗਸਤ (ਵਿਸ਼ਵ ਵਾਰਤਾ)-ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਦੇ ਆਦੇਸ਼ ’ਤੇ ਅੱਜ ਵੱਖ-ਵੱਖ ਜ਼ਿਲਿਆਂ ਅੰਦਰ ਵਿਭਾਗ ਦੀਆਂ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ ਮਾਰੇ ਗਏ।ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੀਆਂ ਟੀਮਾਂ ਵੱਲੋਂ ਏ.ਡੀ.ਸੀ. (ਡੀ), ਜ਼ਿਲਾ ਪ੍ਰੀਸ਼ਦ ਦੇ ਅਧਿਕਾਰੀਆਂ ਅਤੇ ਡੀ.ਡੀ.ਪੀ.ਓਜ਼ ਦੀਆਂ ਟੀਮਾਂ ਦੀ ਅਗਵਾਈ ਹੇਠ ਪੇਂਡੂ ਡਿਸਪੈਂਸਰੀਆਂ ਵਿੱਚ ਅਚਾਨਕ ਛਾਪੇ ਮਾਰੇ ਗਏ।
ਇਸ ਸਬੰਧੀ ਜਾਚਣਕਾਰੀ ਦਿੰਦਿਆਂ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਇਨਾਂ ਛਾਪਿਆਂ ਦੌਰਾਨ ਜ਼ਿਲਾ ਸੰਗਰੂਰ ਵਿੱਚ ਇੱਕ ਰੂਰਲ ਮੈਡੀਕਲ ਅਫ਼ਸਰ, ਤਰਨਤਾਰਨ ਵਿੱਚ ਇੱਕ ਡਾਕਟਰ, ਹੁਸ਼ਿਆਰਪੁਰ ਵਿੱਚ 4 ਡਾਕਟਰ ਅਤੇ ਜਲੰਧਰ ਵਿੱਚ ਇੱਕ ਡਾਕਟਰ ਅਤੇ ਫ਼ਾਰਮਾਸਿਸਟ ਗ਼ੈਰਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਫਤਿਹਗਡ਼ ਸਾਹਿਬ ਇੱਕ ਡਾਕਟਰ, ਬਰਨਾਲਾ ਵਿੱਚ ਇੱਕ ਡਾਕਟਰ, ਇੱਕ ਫ਼ਾਰਮਾਸਿਸਟ, ਰੋਪਡ਼ ਵਿੱਚ ਤਿੰਨ ਡਾਕਟਰ ਅਤੇ ਇੱਕ ਫ਼ਾਰਮਾਸਿਸਟ ਗ਼ੈਰਹਾਜ਼ਰ ਪਾਏ ਗਏ। ਸਭ ਤੋਂ ਵੱਧ ਲੁਧਿਆਣਾ ਵਿੱਚ 10 ਰੂਰਲ ਮੈਡੀਕਲ ਡਾਕਟਰ ਤੇ 14 ਫ਼ਾਰਮਾਸਿਸਟ ਗ਼ੈਰਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਕਈ ਹੋਰ ਜ਼ਿਲਿਆਂ ਵਿੱਚ ਵੀ ਅਚਨਚੇਤੀ ਚੈਕਿੰਗ ਕੀਤੀ ਗਈ ਹੈ।
ਸ੍ਰੀ ਵਰਮਾ ਨੇ ਕਿਹਾ ਹੈ ਕਿ ਜਿਹਡ਼ੇ ਅਧਿਕਾਰੀ ਜਾਂ ਕਰਮਚਾਰੀ ਗ਼ੈਰਹਾਜ਼ਰ ਪਾਏ ਗਏ ਹਨ, ਉਨਾਂ ਦੀ ਜਵਾਬ ਤਲਬੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਜੁਆਬ ਤਸੱਲੀਬਖ਼ਸ਼ ਨਾ ਹੋਇਆ, ਤਾਂ ਸਬੰਧਤ ਅਧਿਕਾਰੀ/ਮੁਲਾਜ਼ਮ ਦੀ ਇਨਕੁਆਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੇਂਡੂ ਖੇਤਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿ੍ਰਡ਼ ਸੰਕਲਪ ਹਨ। ਇਸ ਲਈ ਇਸ ਖੇਤਰ ਵਿੱਚ ਅਣਗਹਿਲੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਵਰਮਾ ਨੇ ਕਿਹਾ ਹੈ ਕਿ ਆਪਣੇ ਕੰਮ ਵਿੱਚ ਕੋਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਚਨਚੇਤੀ ਚੈਕਿੰਗ ਦਾ ਮੰਤਵ ਪਿੰਡਾਂ ਵਿੱਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ।
ਉਨ੍ਹਾਂ ਦੱਸਿਆ ਕਿ ਇਹ ਹੈਲਥ ਸੈਂਟਰ ਜ਼ਿਲਾ ਪ੍ਰੀਸ਼ਦਾਂ ਦੀ ਨਿਗਰਾਨੀ ਹੇਠਾਂ ਚੱਲ ਰਹੇ ਹਨ ਜਿੱਥੇ ਮਰੀਜ਼ਾਂ ਨੂੰ ਦਵਾਈ ਦੀ ਮੁਫ਼ਤ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨੇ ਇਨਾਂ ਡਿਸਪੈਂਸਰੀਆਂ ਅੰਦਰ ਡਾਕਟਰਾਂ ਅਤੇ ਦੂਜੇ ਅਮਲੇ ਦੀਆਂ ਖ਼ਾਲੀ ਪਈਆਂ ਅਸਾਮੀਆਂ ਛੇਤੀ ਤੋਂ ਛੇਤੀ ਭਰਨ ਲਈ ਕੇਸ ਵੀ ਵਿੱਤ ਵਿਭਾਗ ਨੂੰ ਭੇਜਿਆ ਹੋਇਆ ਹੈ।

Advertisement

LEAVE A REPLY

Please enter your comment!
Please enter your name here