ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਰੀ ‘ਸੰਕਲਪ ਪੱਤਰ’ ਦੂਰਦਰਸ਼ੀ ਅਤੇ ਵਿਕਾਸ ਦੇ ਨਵੇਂ ਯੁੱਗ ਵਿੱਚ ਸਹਾਇਕ ਹੈ: ਪ੍ਰਨੀਤ ਕੌਰ
ਮੁਸ਼ਕਲਾਂ ਦੇ ਬਾਵਜੂਦ ਵੱਡੀ ਗਿਣਤੀ ‘ਚ ਪਹੁੰਚੇ ਸਮਾਣਾ ਦੇ ਵਰਕਰਾਂ ਦਾ ਦਿਲੋਂ ਧੰਨਵਾਦ: ਐਮ ਪੀ ਪਟਿਆਲਾ
ਸਮਾਣਾ, 14 ਅਪ੍ਰੈਲ (ਵਿਸ਼ਵ ਵਾਰਤਾ):- ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜਾਰੀ ਕੀਤੇ ਗਏ ਸੰਕਲਪ ਪੱਤਰ ਦੀ ਪ੍ਰਸ਼ੰਸਾ ਕੀਤੀ।
ਸ਼੍ਰੀਮਤੀ ਪ੍ਰਨੀਤ ਕੌਰ ਅੱਜ ਇੱਥੇ ਸਮਾਣਾ ਵਿੱਚ ਭਾਰਤੀ ਜਨਤਾ ਪਾਰਟੀ ਬੂਥ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫ਼ੈਸਟੋ ਦੀ ਸ਼ਲਾਘਾ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, ‘ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜਾਰੀ ‘ਸੰਕਲਪ ਪੱਤਰ’ ਨਾ ਕੇਵਲ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਗੱਲਾਂ ਦਾ ਪ੍ਰਤੀਬਿੰਬ ਹੈ, ਸਗੋਂ ਇਹ ਆਉਣ ਵਾਲੇ ਸਾਲਾਂ ਵਿੱਚ ਸਾਡੀ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਸਾਰੇ ਕਦਮਾਂ ਨੂੰ ਵੀ ਦਰਸਾਉਂਦਾ ਹੈ। ਇਹ ਅਸਲ ਵਿੱਚ ਇੱਕ ਦੂਰਦਰਸ਼ੀ ਮੈਨੀਫੈਸਟੋ ਹੈ ਜੋ ਭਾਰਤ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਮੋਦੀ 3.0 ਸਰਕਾਰ ਸਮਾਜ ਦੇ ਸਾਰੇ ਵਰਗਾਂ, ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ, ਕਿਸਾਨਾਂ ਜਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗੀ।”
ਪੰਜਾਬ ਦੀ ‘ਆਪ’ ਸਰਕਾਰ ’ਤੇ ਹਮਲਾ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, ‘ਮੋਦੀ ਜੀ ਦੇ ਜੋ ਵੀ ਵਾਅਦੇ ਕਰਦੇ ਹਨ, ਉਹ ਉਨ੍ਹਾਂ ਦੇ ਸੰਕਲਪ ਹੁੰਦੇ ਹਨ ਅਤੇ ਉਹ ਹਮੇਸ਼ਾ ਉਨ੍ਹਾਂ ਨੂੰ ਪੂਰਾ ਕਰਦੇ ਹਨ। ਭਗਵੰਤ ਮਾਨ ਦੀ ਸਰਕਾਰ ਸਿਰਫ ਇਸ਼ਤਿਹਾਰਾਂ ਵਿੱਚ ਕੰਮ ਕਰ ਰਹੀ ਹੈ, ਜਦਕਿ ਅਸਲ ਜੀਵਨ ਵਿੱਚ ਪੰਜਾਬ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਵਾਰ-ਵਾਰ ਕਰਜ਼ੇ ਲੈ ਰਹੇ ਹਨ ਅਤੇ ਸਾਡੀ ਜਨਤਾ ਦਾ ਪੈਸਾ ਦੂਜੇ ਸੂਬਿਆਂ ਵਿੱਚ ਆਪਣੀ ਪਾਰਟੀ ਨੂੰ ਵਧਾਉਣ ਲਈ ਵਿੱਚ ਬਰਬਾਦ ਕਰ ਰਹੇ ਹਨ। ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਹੈ।”
ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਨੌਜਵਾਨ ਸਾਡਾ ਭਵਿੱਖ ਹਨ, ਇਹ ਤੁਹਾਡਾ ਕੰਮ ਹੈ ਕਿ ਹੁਣ ਬਹੁਤ ਸਮਝਦਾਰੀ ਨਾਲ ਚੋਣ ਕਰੋ, ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣ ਜਾ ਰਹੇ ਹੋ। ਇੰਡੀਆ ਗਠਜੋੜ ਜਾਂ ਹੋਰ ਵਿਰੋਧੀ ਪਾਰਟੀਆਂ ‘ਚ ਲੀਡਰਸ਼ਿਪ ਹੁਨਰ ਦੀ ਘਾਟ ਹੈ। ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਸਾਡੇ ਨੌਜਵਾਨਾਂ ਲਈ ਬਿਹਤਰ ਭਵਿੱਖ ਯਕੀਨੀ ਬਣਾ ਸਕਦੀ ਹੈ।”
ਉਨ੍ਹਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ, ”ਮੈਂ ਤੁਹਾਡੇ ਵਿੱਚੋਂ ਹਰੇਕ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਦੂਜਿਆਂ ਦੇ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇੱਥੇ ਆਏ।”
ਭਾਜਪਾ ਦੇ ਮੀਤ ਪ੍ਰਧਾਨ ਬਿਕਰਮ ਚੀਮਾ ਨੇ ਕਿਹਾ, “ਸਾਡੇ ਮਾਣਯੋਗ ਨਰੇਂਦਰ ਮੋਦੀ ਜੀ ਨੇ ਪਿਛਲੇ 10 ਸਾਲਾਂ ਵਿੱਚ, ਖ਼ਾਸਕਰ ਸਾਡੀਆਂ ਔਰਤਾਂ ਲਈ ਕੁਝ ਇਤਿਹਾਸਕ ਕਦਮ ਚੁੱਕੇ ਹਨ। ਮੋਦੀ ਜੀ ਦੀ ਮਜ਼ਬੂਤ ਲੀਡਰਸ਼ਿਪ ਕਾਰਨ ਹੀ ਤਿੰਨ ਤਲਾਕ ਦੇ ਕਾਨੂੰਨ ਨੇ ਅਨੇਕ ਔਰਤਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਰੋਜ਼ਾਨਾ ਹੱਤਿਆਵਾਂ ਅਤੇ ਚੋਰੀ ਦੀਆਂ ਘਟਨਾਵਾਂ ਨਾਲ ਪੂਰੀ ਤਰ੍ਹਾਂ ਅਰਾਜਕਤਾ ਵੱਲ ਧੱਕ ਦਿੱਤਾ ਹੈ।”
ਹਰਜਿੰਦਰ ਸਿੰਘ ਠੇਕੇਦਾਰ ਨੇ ਆਪਣੇ ਸੰਬੋਧਨ ਵਿਚ ਵਰਕਰਾਂ ਨੂੰ ਅਪੀਲ ਕੀਤੀ ਕਿ “ਮੈਂ ਤੁਹਾਨੂੰ ਸਾਰਿਆਂ ਨੂੰ ਪਟਿਆਲਾ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਵਾਪਸ ਲਿਆਉਣ ਲਈ ਇਕ ਵਾਰ ਫਿਰ ਮਹਾਰਾਣੀ ਸਾਹਿਬਾ ਨੂੰ ਚੁਣਨ ਲਈ ਬੇਨਤੀ ਕਰਦਾ ਹਾਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇੱਕ ਵਾਰ ਫੇਰ ਸੰਸਦ ਮੈਂਬਰ ਵਜੋਂ ਚੁਣੇ ਜਾਣ ‘ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਮੰਤਰੀ ਜ਼ਰੂਰ ਬਣਾਉਣਗੇ ਅਤੇ ਉਹ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਸਾਡੇ ਜ਼ਿਲ੍ਹੇ ਨੂੰ ਬਹੁਤ ਸਾਰੇ ਉਦਯੋਗ ਅਤੇ ਰੁਜ਼ਗਾਰ ਦੇ ਮੌਕੇ ਮਿਲਣਗੇ।”