ਨਵੀਂ ਦਿੱਲੀ, 14 ਦਸੰਬਰ -ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਜਲ ਸੈਨਾ ਦੀ ਪਨਡੁੱਬੀ ਆਈ ਐੱਨਐੱਸ ਕਲਵਰੀ ਦੇਸ਼ ਨੂੰ ਸਮਰਪਿਤ ਕੀਤੀ।
ਇਸ ਮੌਕੋ ਉੱਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਈਐੱਨਐੱਸ ਕਲਵਰੀ ਨੂੰ ‘ਮੇਕ ਇਨ ਇੰਡੀਆ’ ਦੀ ਇੱਕ ਪ੍ਰਮੁੱਖ ਉਦਾਹਰਣ ਦੱਸਿਆ। ਇਸ ਦੇ ਨਿਰਮਾਣ ਵਿੱਚ ਸ਼ਾਮਲ ਸਭ ਲੋਕਾਂ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਪਨਡੁੱਬੀ ਨੂੰ ਭਾਰਤ ਅਤੇ ਫਰਾਂਸ ਦਰਮਿਆਨ ਵਧ ਰਹੀ ਰਣਨੀਤਕ ਭਾਈਵਾਲੀ ਦੀ ਇੱਕ ਸ਼ਾਨਦਾਰ ਉਦਾਹਰਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਈਐੱਨਐੱਸ ਕਲਵਰੀ ਭਾਰਤੀ ਜਲ ਸੈਨਾ ਨੂੰ ਨਵੀਂ ਤਾਕਤ ਬਖਸ਼ੇਗੀ।
ਉਨ੍ਹਾਂ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵੀ ਪੱਕਾ ਹੈ ਕਿ 21ਵੀਂ ਸਦੀ ਵਿੱਚ ਵਿਕਾਸ ਦੀ ਸਡ਼ਕ ਹਿੰਦ ਮਹਾਸਾਗਰ ਖੇਤਰ ਵਿਚੋਂ ਹੀ ਲੰਘ ਰਹੀ ਹੈ। ਇਹ ਹੀ ਕਾਰਨ ਹੈ ਕਿ ਸਰਕਾਰ ਦੀਆਂ ਨੀਤੀਆਂ ਵਿੱਚ ਹਿੰਦ ਮਹਾਸਾਗਰ ਦੀ ਵਿਸ਼ੇਸ਼ ਜਗ੍ਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਧਾਰਨਾ ਨੂੰ ਸ਼ਬਦ ‘ਸਾਗਰ’—ਸਾਰੇ ਖੇਤਰ ਲਈ ਸੁਰੱਖਿਆ ਅਤੇ ਵਿਕਾਸ ਤੋਂ ਸਮਝਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਵਿਸ਼ਵ, ਰਣਨੀਤਕ ਅਤੇ ਆਰਥਿਕ ਹਿਤਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਆਧੁਨਿਕ ਅਤੇ ਬਹੁ-ਆਯਾਮੀ ਭਾਰਤੀ ਜਲ ਸੈਨਾ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਕਾਇਮੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਮੁੰਦਰ ਦੀ ਸਮਰੱਥਾ ਸਾਡੇ ਰਾਸ਼ਟਰ ਦੇ ਵਿਕਾਸ ਨੂੰ ਆਰਥਿਕ ਸ਼ਕਤੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਾਂ ਹੀ ਭਾਰਤ ਉਨ੍ਹਾਂ ਚੁਣੌਤੀਆਂ ਤੋਂ ਭਲੀ-ਭਾਂਤ ਜਾਣੂ ਹੈ ਜਿਨ੍ਹਾਂ ਦਾ ਸਾਹਮਣਾ ਭਾਰਤ ਨੂੰ ਹੀ ਨਹੀਂ ਖੇਤਰ ਦੇ ਹੋਰ ਦੇਸ਼ਾਂ ਨੂੰ ਵੀ ਕਰਨਾ ਪੈ ਰਿਹਾ ਹੈ। ਇਨ੍ਹਾਂ ਚੁਨੌਤੀਆਂ ਵਿੱਚ ਸਮੁੰਦਰ ਵਿੱਚ ਪੈਦਾ ਹੋਣ ਵਾਲਾ ਦਹਿਸ਼ਤਵਾਦ, ਚੋਰੀ ਅਤੇ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਵਿਸ਼ਵਾਸ ਹੈ ਕਿ ਦੁਨੀਆ ਇੱਕ ਪਰਿਵਾਰ ਹੈ ਅਤੇ ਉਹ ਆਪਣੀਆਂ ਵਿਸ਼ਵ ਪੱਧਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਰਤ ਨੇ ਭਾਈਵਾਲ ਦੇਸ਼ਾਂ ਲਈ ਸੰਕਟ ਦੇ ਸਮੇਂ ਵਿੱਚ ਹਮੇਸ਼ਾ ਪਹਿਲਾਂ ਹੁੰਗਾਰਾ ਭਰਨ ਵਾਲੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੂਟਨੀਤੀ ਦਾ ਮਨੁੱਖੀ ਚਿਹਰਾ ਅਤੇ ਭਾਰਤੀ ਸੁਰੱਖਿਆ ਅਦਾਰੇ ਹੀ ਸਾਡੀ ਵਿਸ਼ੇਸ਼ਤਾ ਹਨ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਯੋਗ ਭਾਰਤ ਮਨੁੱਖਤਾ ਪ੍ਰਤੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਸ਼ਾਂਤੀ ਅਤੇ ਸਥਿਰਤਾ ਦੇ ਰਾਹ ਉੱਤੇ ਭਾਰਤ ਦੇ ਨਾਲ ਚੱਲਣਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਾ ਈਕੋ ਸਿਸਟਮ ਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਹੈ ਅਤੇ ਪਿਛਲੇ ਤਿੰਨ ਸਾਲ ਵਿੱਚ ਉਸ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਈਐੱਨਐੱਸ ਕਲਵਰੀ ਦੇ ਨਿਰਮਾਣ ਦੌਰਾਨ ਜੋ ਮੁਹਾਰਤ ਵਧੀ ਹੈ, ਉਹ ਇੱਕ ਵਿਸ਼ੇਸ਼ਤਾ (Property) ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਾਅਦੇ ਅਨੁਸਾਰ ਕਾਫੀ ਲੰਬੇ ਸਮੇਂ ਤੋਂ ਲਟਕ ਰਿਹਾ ਇੱਕ ਰੈਂਕ ਇੱਕ ਪੈਨਸ਼ਨ ਦਾ ਮੁੱਦਾ ਹੱਲ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਹਥਿਆਰਬੰਦ ਬਲਾਂ ਦੀ ਦਲੇਰੀ ਨੇ ਇਹ ਯਕੀਨੀ ਬਣਾਇਆ ਕਿ ਜੰਮੂ ਕਸ਼ਮੀਰ ਵਿੱਚ ਦਹਿਸ਼ਤਵਾਦ ਦੀ ਵਰਤੋਂ ਜੋ ਅਸਿੱਧੀ ਜੰਗ ਲਈ ਹੋ ਰਹੀ ਸੀ, ਉਹ ਸਫਲ ਨਾ ਹੋਵੇ।
ਪ੍ਰਧਾਨ ਮੰਤਰੀ ਨੇ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਪ੍ਰਤੀ ਧੰਨਵਾਦ ਪ੍ਰਗਟਾਇਆ।