ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਗੁਜਰਾਤ ਦੌਰੇ ’ਤੇ
ਨਵੇਂ ਵਿਕਾਸ ਕਾਰਜਾਂ ਦਾ ਕਰਨਗੇ ਉਦਘਾਟਨ ਅਤੇ ਰੱਖਣਗੇ ਨੀਂਹ ਪੱਥਰ
ਚੰਡੀਗੜ੍ਹ,22ਫਰਵਰੀ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਲਗਾਤਾਰ 4 ਦਿਨਾਂ ਲਈ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਜਾ ਰਹੇ ਹਨ। ਆਪਣੇ ਇਸ ਗੁਜਰਾਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਗੁਜਰਾਤ ਵਿੱਚ ਉੱਤਰੀ ਗੁਜਰਾਤ, ਮੱਧ ਗੁਜਰਾਤ, ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਈ ਥਾਵਾਂ ‘ਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਅੱਜ ਅਹਿਮਦਾਬਾਦ ਵਿੱਚ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੁਪਹਿਰ ਨੂੰ ਨਵਸਾਰੀ ਜਾਣਗੇ। ਉਹ ਇੱਥੇ ਵਾਂਸੀ-ਬੌਰਸੀ ਵਿੱਚ ਮਿੱਤਰਾ ਪਾਰਕ ਦਾ ਭੂਮੀ ਪੂਜਨ ਕਰਨਗੇ। ਇਸ ਦੌਰਾਨ ਉਹ ਸੂਰਤ ਨਗਰ ਨਿਗਮ ਅਤੇ ਡਰੀਮ ਸਿਟੀ ਦੇ 5041.09 ਕਰੋੜ ਰੁਪਏ ਦੇ 59 ਵਿਕਾਸ ਕਾਰਜਾਂ ਦਾ ਈ-ਉਦਘਾਟਨ ਅਤੇ ਈ-ਭੂਮੀ ਪੂਜਨ ਕਰਨਗੇ। ਸ਼ਾਮ ਨੂੰ ਉਹ ਕਾਕੜਾਪਾਰ ਦੇ ਪਰਮਾਣੂ ਊਰਜਾ ਪ੍ਰਾਜੈਕਟਾਂ ਦਾ ਵੀ ਦੌਰਾ ਕਰਨਗੇ। ਇਸ ਤੋਂ ਇਲਾਵਾ ਪੀਐਮ ਮੋਦੀ 24 ਫਰਵਰੀ ਨੂੰ ਦਵਾਰਕਾ ਜਾਣਗੇ। ਇੱਥੇ ਉਹ ਦਵਾਰਕਾ ਮੰਦਰ ‘ਚ ਪੂਜਾ ਅਰਚਨਾ ਕਰਨ ਤੋਂ ਬਾਅਦ ਬੇਟ-ਦਵਾਰਕਾ ਲਈ ਨਵੇਂ ਬਣੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 1:00 ਵਜੇ ਦੁਆਰਕਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਫਿਰ ਪ੍ਰਧਾਨ ਮੰਤਰੀ 25 ਫਰਵਰੀ ਨੂੰ ਰਾਜਕੋਟ ਵਿੱਚ ਗੁਜਰਾਤ ਦੇ ਪਹਿਲੇ ਏਮਜ਼ ਕੰਟੇਨਰ ਹਸਪਤਾਲ ਅਤੇ ਸੌਰਾਸ਼ਟਰ ਦੇ ਸਭ ਤੋਂ ਵੱਡੇ ਜ਼ਨਾਨਾ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ 1,056 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰਾਜਕੋਟ-ਸੁਰੇਂਦਰਨਗਰ ਰੇਲਵੇ ਡਬਲ ਟ੍ਰੈਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ।