ਪੂਜਾ ਸ਼ਰਮਾ ਨੇ ਸਟੇਟ ਐਵਾਰਡ ਹਾਸਲ ਕਰਕੇ ਜ਼ਿਲੇ ਦਾ ਮਾਣ ਵਧਾਇਆ-ਡਾ. ਸ਼ੇਨਾ ਅਗਰਵਾਲ
ਨਵਾਂਸ਼ਹਿਰ, 25 ਮਾਰਚ( ਵਿਸ਼ਵ ਵਾਰਤਾ )- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ ਨਾਲ ਸਬੰਧਤ 80 ਫੀਸਦੀ ਦਿਵਿਆਂਗ ਲੈਕਚਰਾਰ ਪੂਜਾ ਸ਼ਰਮਾ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕਰਨਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਵੱਡੇ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਲੈਕਚਰਾਰ ਪੂਜਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਨਾਂ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਇਸ ਨਾਲ ਜ਼ਿਲੇ ਦੇ ਹੋਰਨਾਂ ਦਿਵਿਆਂਗ ਵਿਅਕਤੀਆਂ ਨੂੰ ਵੀ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਣਾ ਮਿਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਜਾ ਸ਼ਰਮਾ ਵੱਲੋਂ ਦਿਵਿਆਂਗ ਹੋਣ ਦੇ ਬਾਵਜੂਦ ਜਿਸ ਤਰਾਂ ਦਿ੍ਰੜ ਇਰਾਦੇ ਨਾਲ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ, ਉਹ ਲਾਮਿਸਾਲ ਹੈ। ਪੂਜਾ ਸ਼ਰਮਾ ਵੱਲੋਂ ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਦਾ ਤਹਿ-ਦਿਲੋਂ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੀਤੇ ਕੱਲ ਪੰਜਾਬ ਭਵਨ ਚੰਡੀਗੜ ਵਿਖੇ ਵਿਸ਼ੇਸ਼ ਪ੍ਰਾਪਤੀਆਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਦੇਣ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਸਟੇਟ ਐਵਾਰਡਾਂ ਨਾਲ ਸਨਮਾਨਿਆ ਗਿਆ, ਜਿਨਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਵਾਂਸ਼ਹਿਰ ਦੀ ਅੰਗਰੇਜ਼ੀ ਵਿਸ਼ੇ ਦੀ ਲੈਕਚਰਾਰ ਪੂਜਾ ਸ਼ਰਮਾ ਵੀ ਸ਼ਾਮਲ ਹੈ। ਇਹ ਐਵਾਰਡ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਅਰੁਨਾ ਚੌਧਰੀ ਵੱਲੋਂ ਪ੍ਰਦਾਨ ਕੀਤੇ ਗਏ। ਇਸ ਐਵਾਰਡ ਵਿਚ ਸਰਟੀਫਿਕੇਟ ਤੋਂ ਇਲਾਵਾ 10 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੈ।