ਪੀ.ਯੂ. ਦੀਆਂ ਸੀਨੇਟ ਚੋਣਾਂ ਲਈ ਹਾਈਕੋਰਟ ਨੇ ਦਿੱਤੀ ਪ੍ਰਵਾਨਗੀ
ਜਲਦੀ ਸ਼ਡਿਊਲ ਤਿਆਰ ਕਰਨ ਦੇ ਆਦੇਸ਼
ਚੰਡੀਗੜ੍ਹ, 8ਜੁਲਾਈ(ਵਿਸ਼ਵ ਵਾਰਤਾ)ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੀਨੇਟ ਦੀਆਂ ਚੋਣਾਂ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਵੀਰਵਾਰ ਨੂੰ ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹੁਣ ਸੀਨੇਟ ਦੀਆਂ ਚੋਣਾਂ ਹੋ ਸਕਦੀਆਂ ਹਨ। ਹਾਈਕੋਰਟ ਨੇ ਕਿਹਾ ਕਿ ਹੁਣ ਸਥਿਤੀ ਬਿਹਤਰ ਹੋ ਗਈ ਹੈ, ਇਸ ਲਈ ਪੀ.ਯੂ. ਅਤੇ ਕੇਂਦਰ ਨੂੰ 16 ਜੁਲਾਈ ਤੱਕ ਚੋਣਾਂ ਦਾ ਸ਼ੈਡਿਊਲ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਹਾਈ ਕੋਰਟ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਇਸ ਤੇ ਕੇਂਦਰ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਕੁਝ ਸਮਾਂ ਦੇਣ ਦੀ ਮੰਗ ਕੀਤੀ, ਜਿਸ ਤੇ ਹਾਈਕੋਰਟ ਨੇ ਕੇਂਦਰ ਸਰਕਾਰ ਅਤੇ ਪੀ.ਯੂ. ਨੂੰ 16 ਜੁਲਾਈ ਤੱਕ ਸੀਨੇਟ ਦੀਆਂ ਚੋਣਾਂ ਲਈ ਸ਼ੈਡਿਊਲ ਤਿਆਰ ਕਰਕੇ ਕੇਸ ਦੀ ਅਗਲੀ ਸੁਣਵਾਈ ਤੇ ਇਸ ਨੂੰ 19 ਜੁਲਾਈ ਨੂੰ ਹਾਈ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ।
ਦੱਸਣਯੋਗ ਹੈ ਕਿ ਪਿਛਲੇ ਸਾਲ ਕੋਵਿਡ ਦੇ ਮੱਦੇਨਜ਼ਰ ਪੀਯੂ ਸੀਨੇਟ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਜਿਸ ਦੇ ਵਿਰੁੱਧ ਕੁਝ ਸੀਨੇਟਰਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ 23 ਮਾਰਚ ਨੂੰ ਪਟੀਸ਼ਨ ਤੇ ਆਪਣਾ ਫੈਸਲਾ ਦਿੰਦਿਆਂ ਸੀਨੇਟ ਦੀਆਂ ਚੋਣਾਂ ਦੋ ਮਹੀਨਿਆਂ ਦੇ ਅੰਦਰ ਕਰਵਾਉਣ ਦਾ ਆਦੇਸ਼ ਦਿੱਤਾ ਸੀ।ਪਰ ਬਾਅਦ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਰਕੇ ਪੀ.ਯੂ. ਨੇ ਹਾਈ ਕੋਰਟ ਵਿੱਚ ਇਸ ਫੈਸਲੇ ਖਿਲਾਫ ਅਪੀਲ ਕਰਦਿਆਂ ਕਿਹਾ ਕਿ ਦੂਜੀ ਲਹਿਰ ਦੇ ਕਾਰਨ ਹੁਣ ਉਹ ਚੋਣਾਂ ਸਮੇਂ ਸਿਰ ਨਹੀਂ ਕਰਵਾ ਸਕਦੇ। ਇਸ ਲਈ ਉਸ ਨੂੰ ਕੁਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।