ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਦੇਵੇਗਾ ਵਿਸ਼ੇਸ਼ ਧਿਆਨ : ਡਾ. ਅਲਕਜੋਤ ਕੌਰ
ਪੀ. ਐਚ. ਸੀ. ਬੂਥਗੜ੍ਹ ਵਿਖੇ ਨਿੱਕੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਟ੍ਰੇਨਿੰਗ ਸ਼ੁਰੂ
ਬੂਥਗੜ੍ਹ , 3 ਮਾਰਚ (ਵਿਸ਼ਵ ਵਾਰਤਾ)-: ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਵਿਖੇ ਨਿੱਕੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਆਸ਼ਾ ਵਰਕਰਾਂ ਵੱਲੋਂ ਘਰਾਂ ਦੇ 5 ਵਾਧੂ ਦੌਰੇ ਕਰਨ ਸਬੰਧੀ ਪਹਿਲੇ ਬੈਚ ਦੀ ਪੰਜ ਦਿਨਾ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ, ਜਿਸ ਵਿੱਚ ਬਲਾਕ ਦੀਆਂ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਲਕਜੋਤ ਕੌਰ ਨੇ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਆਸ਼ਾ ਵਰਕਰਾਂ ਦੇ ਮੌਜੂਦਾ ਗਿਆਨ ਵਿਚ ਵਾਧਾ ਕਰੇਗੀ ਅਤੇ ਬੱਚਿਆਂ ਦੇ ਮੁੱਢਲੇ ਵਿਕਾਸ ਲਈ ਨਵੀਆਂ ਕੁਸ਼ਲਤਾਵਾਂ ਵਿਕਸਤ ਕਰਨ ਵਿਚ ਸਹਾਇਤਾ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੌਤਾਂ ਅਤੇ ਬਿਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਨਿੱਕੇ ਬੱਚਿਆਂ ਵਿਚ ਵਾਜਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ, ਬਿਮਾਰ ਬੱਚਿਆਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੀਆਂ।
ਬਲਾਕ ਐਕਸਟੈਂਸ਼ਨ ਐਜੂਕੇਟਰ ਬਲਜਿੰਦਰ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ.) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ ਵੱਲੋਂ ਪਹਿਲਾਂ ਹੀ 42ਵੇਂ ਦਿਨ ਤੱਕ ਨਵਜੰਮੇ ਬੱਚੇ ਦੀ ਘਰੇਲੂ ਦੇਖਭਾਲ ਦੀਆਂ 6 ਜਾਂ 7 ਘਰ ਫੇਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਆਸ਼ਾ ਵਰਕਰਾਂ ਘਰ ਦੇ ਪੰਜ ਵਾਧੂ ਦੌਰੇ ਕਰਨਗੀਆਂ। ਆਸ਼ਾ ਵਰਕਰਾਂ ਬੱਚਿਆਂ ਦੀ ਦੇਖਭਾਲ ਲਈ ਘਰ 3 ਮਹੀਨੇ, 6 ਮਹੀਨੇ, 9 ਮਹੀਨੇ, 12 ਮਹੀਨੇ ਅਤੇ 15 ਮਹੀਨੇ ਉੱਤੇ ਘਰਾਂ ਦਾ ਦੌਰਾ ਕਰਨਗੀਆਂ।
ਐਲ. ਐਚ. ਵੀ. ਕੁਲਦੀਪ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਘਰ ਦੇ ਦੌਰਿਆਂ ਨਾਲ ਬੱਚਿਆਂ ਦੀਆਂ ਸਮੱਸਿਆਵਾਂ ਦੀ ਜਲਦੀ ਸ਼ਨਾਖਤ ਕਰਨਗੀਆਂ ਅਤੇ ਪਰਿਵਾਰਾਂ ਦੀ ਮੁਨਾਸਬ ਕਾਰਵਾਈ ਕਰਨ ਵਿਚ ਮਦਦ ਕਰਨਗੀਆਂ। ਇਹ ਮਦਦ ਸੁਧਾਰੇ ਹੋਏ ਘਰੇਲੂ ਦੇਖਭਾਲ ਦੇ ਕਾਰਜਾਂ ਰਾਹੀਂ ਜਾਂ ਫਿਰ ਸਿਹਤ ਕੇਂਦਰ ਵਿਚ ਇਲਾਜ ਕਰਵਾ ਕੇ ਹੋ ਸਕਦੀ ਹੈ। ਘਰਾਂ ਦੀਆਂ ਵਾਧੂ ਦੇਖਭਾਲ ਫੇਰੀਆਂ ਨਾਲ ਆਸ਼ਾ ਵਰਕਰਾਂ ਪਹਿਲੇ ਛੇ ਮਹੀਨਿਆਂ ਲਈ ਕੇਵਲ ਮਾਂ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਛੇ ਮਹੀਨੇ ਦੇ ਅਤੇ ਹੋਰ ਵੱਡੇ ਹੋ ਜਾਣ ’ਤੇ ਬੱਚਿਆਂ ਲਈ ਵਕਤ ਸਿਰ, ਚੋਖੇ ਅਤੇ ਪੌਸ਼ਟਿਕ ਭੋਜਨ ਖਵਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ।
ਇਸ ਮੌੌਕੇ ਡਾ. ਹਰਮਨ ਮਾਹਲ, ਡਾ. ਅਰੁਣ ਬਾਂਸਲ, ਐਲ. ਐਚ. ਵੀ. ਕੁਲਦੀਪ ਕੌਰ, ਐਸ. ਆਈ ਗੁਰਤੇਜ ਸਿੰਘ, ਪ੍ਰਿਤਪਾਲ ਸਿੰਘ, ਬੀ. ਐਸ. ਏ. ਗੁਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।