ਪਾਵਰਕੌਮ ਵੱਲੋਂ ਮੁਫ਼ਤ ਬਿਜਲੀ ਲੈਣ ਵਾਲਿਆਂ ਨੂੰ ਵੱਡਾ ਝਟਕਾ ! ਇਕ ਘਰ ‘ਚ ਦੋ ਮੀਟਰ ਲਗਾਉਣ ਤੇ ਰੋਕ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਮੁਫਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਨੇ ਬਹੁਤ ਸਾਰੇ ਜੁਗਾੜ ਨੇ ਲਾਏ ਹੋਏ ਹਨ । ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ-ਦੋ ਮੀਟਰ ਲਵਾ ਲਏ ਹਨ। ਇੱਕ ਘਰ ਵਿੱਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਲੋਕਾਂ ਦੀ ਹੁਣ ਖੈਰ ਨਹੀਂ। ਇਸ ਸਭ ਨਾਲ ਨਜਿੱਠਣ ਲਈ ਪਾਵਰਕੌਮ ਨੇ ਹੁਣ ਨਵਾਂ ਪੈਂਤੜਾ ਅਖਤਿਆਰ ਕੀਤਾ ਹੈ। ਪੰਜਾਬ ਸਰਕਾਰ ਦੇ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਚਾਰ ਮਹੀਨੇ ਬਾਅਦ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫਿਊਜ਼ ਉਡਾ ਦਿੱਤੇ ਹਨ। ਪਾਵਰਕੌਮ ਨੇ ਹੁਣ ਨਵੀਂ ਰਣਨੀਤੀ ਤਿਆਰ ਕਰਦਿਆਂ ‘ਇੱਕ ਇਮਾਰਤ ਵਿੱਚ ਦੋ ਮੀਟਰ’ ਲਾਉਣ ਦੀ ਪ੍ਰਕਿਰਿਆ ‘ਤੇ ਰੋਕ ਲਾ ਦਿੱਤੀ ਹੈ ਅਤੇ ਹੁਣ ਤੱਕ ਇੱਕ ਇਮਾਰਤ ਵਿੱਚ ਲੱਗੇ ਦੋ ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਮਗਰੋਂ ਹੀ ਇਹ ਮੀਟਰ ਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਵੇਰਵਿਆਂ ਅਨੁਸਾਰ ਸਮੁੱਚੇ ਪੰਜਾਬ ਇਹ ਐਤਕੀਂ ਪਹਿਲੀ ਜਨਵਰੀ ਤੋਂ ਸਤੰਬਰ ਮਹੀਨੇ ਤੱਕ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦਾ ਅੰਕੜਾ 2 ਲੱਖ ਹਜ਼ਾਰ ਤੇ ਪੁੱਜ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ। ਇਹ ਵਾਧਾ ਕਰੀਬ 34 ਫੀਸਦੀ ਬਣਦਾ ਹੈ। ਪਾਵਰਕੌਮ ਦੇ ਫੀਲਡ ਦਫਤਰਾਂ ਵਿਚ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀਆਂ ਭੀੜਾਂ ਹਨ। ਮਹਿਕਮੇ ਨੂੰ ਖਦਸ਼ਾ ਹੈ ਕਿ ਲੋਕ ਇਕ ਇਮਾਰਤ ਵਿੱਚ ਦੋ ਮੀਟਰ ਲਗਵਾ ਕੇ ਸਕੀਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਅਨੁਸਾਰ ਲੱਗੇ ਹਨ ਜਾਂ ਨਹੀਂ। ਇਥੇ ਪਾਵਰਕੌਮ ਦੇ ਉੱਤਰੀ ਉਪ ਮੰਡਲ ਦਫਤਰ ਦੇ ਅਮਲੇ ਵੱਲੋਂ ਮੀਟਰ ਲਗਵਾਉਣ ਦੀਆਂ ਅਰਜ਼ੀ ਲੈ ਕੇ ਆ ਰਹੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇਕ ਇਮਾਰਤ ਵਿਚ ਦੋ ਮੀਟਰ ਲਾਉਣ ਵਾਲੀ ਸਕੀਮ ‘ਤੇ ਰੋਕ ਲਾ ਦਿੱਤੀ ਗਈ ਹੈ।ਪਾਵਰਕੌਮ ਦੇ ਇਸ ਫੈਸਲੇ ਤੋਂ ਲੋਕ ਨਿਰਾਸ਼ ਹਨ।